ਸ਼ਗਨ ਕਟਾਰੀਆ
ਬਠਿੰਡਾ, 26 ਨਵੰਬਰ
ਆਊਟਸੋਰਸ ਠੇਕਾ ਕਰਮਚਾਰੀਆਂ ਵੱਲੋਂ ਇਥੇ ਗੁਰੂ ਨਾਨਕ ਨਗਰ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਾਲ਼ੀਆਂ ਝੰਡੀਆਂ ਵਿਖਾ ਕੇ ਪ੍ਰਦਰਸ਼ਨ ਕੀਤਾ ਗਿਆ। ਵਿਖਾਵਾਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਮੌਕੇ ’ਤੇ ਤਾਇਨਾਤ ਵੱਡੀ ਗਿਣਤੀ ’ਚ ਪੁਲੀਸ ਨਫ਼ਰੀ ਨੇ ਖਿੱਚ-ਧੂਹ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਕੇ ਥਾਣਾ ਥਰਮਲ ਵਿੱਚ ਲਿਜਾਇਆ ਗਿਆ। ਵਿੱਤ ਮੰਤਰੀ ਇੱਥੇ ਕੁਝ ਅਰਸਾ ਪਹਿਲਾਂ ਵਾਪਰੀ ਅਗਜ਼ਨੀ ਦੀ ਘਟਨਾ ਦੇ ਪੀੜਤਾਂ ਨੂੰ ਵਿੱਤੀ ਸਹਾਇਤਾ ਦੇਣ ਆਏ ਸਨ। ਇਸ ਘਟਨਾ ’ਚ ਘਰਾਂ ਦਾ ਸਾਮਾਨ ਅਤੇ ਪਸ਼ੂ ਸੜ ਗਏ ਸਨ। ਵਿਰੋਧ ਕਰ ਰਹੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਅਤੇ ਜਗਸੀਰ ਸਿੰਘ ਭੰਗੂ ਨੇ ਦੱਸਿਆ ਕਿ ਆਊਟਸੋਰਸ ਠੇਕਾ ਮੁਲਾਜ਼ਮ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਦੇ ਪਿੜ ਵਿੱਚ ਹਨ।