ਸ਼ਗਨ ਕਟਾਰੀਆ
ਬਠਿੰਡਾ, 5 ਅਕਤੂਬਰ
ਚਿੱਟੇ ਸੋਨੇ ਦੀ ਮੰਡੀਆਂ ’ਚ ਹੁੰਦੀ ਬੇਕਦਰੀ ਵੇਖਣ ਲਈ ਆਮ ਆਦਮੀ ਪਾਰਟੀ ਦੀ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਇਥੋਂ ਦੀ ਅਨਾਜ ਮੰਡੀ ਵਿਚ ਨਰਮਾ ਵੇਚਣ ਆਏ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਨਰਮਾ ਉਤਪਾਦਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸੀਸੀਆਈ ਤੇ ਮਾਰਕਫੈੱਡ ਵੱਲੋਂ ਫ਼ਸਲ ਦੀ ਖਰੀਦ ਨਹੀਂ ਕੀਤੀ ਜਾ ਰਹੀ ਅਤੇ ਵਪਾਰੀ ਵੀ ਕਿਸਾਨਾਂ ਨੂੰ ਫ਼ਸਲ ਦਾ ਪੂਰਾ ਮੁੱਲ ਨਹੀਂ ਦੇ ਰਹੇ।
ਵਿਧਾਇਕਾ ਬਲਜਿੰਦਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਭਾਵੇਂ ਸਰਕਾਰ ਨੇ ਵੱਧ ਅਤੇ ਘੱਟ ਰੇਸ਼ੇ ਵਾਲੇ ਨਰਮੇ ਦਾ ਕ੍ਰਮਵਾਰ ਐੱਮਐੱਸਪੀ 5725 ਅਤੇ 5515 ਰੁਪਏ ਨਿਰਧਾਰਿਤ ਕੀਤਾ ਹੈ, ਪਰ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (ਸੀਸੀਆਈ) ਵੱਲੋਂ ਨਰਮਾ ਨਾ ਖ਼ਰੀਦੇ ਜਾਣ ਕਾਰਨ ਵਪਾਰੀ ਕਿਸਾਨਾਂ ਤੋਂ 4800 ਅਤੇ 4000 ਰੁਪਏ ਪ੍ਰਤੀ ਕੁਇੰਟਲ ਖ਼ਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਹੁਣ ਤੋਂ ਹੀ ਫ਼ਸਲਾਂ ਦੇ ਐੱਮਐੱਸਪੀ ’ਤੇ ਅਸਰ-ਅੰਦਾਜ਼ ਹੋਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਬਾਰੇ ਭਵਿੱਖ ਦਾ ਅੰਦਾਜ਼ਾ ਹੁਣ ਤੋਂ ਹੀ ਲਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿਸਾਨ-ਵਿਰੋਧੀ ਇਨ੍ਹਾਂ ਕਾਨੂੰਨਾਂ ਨੂੰ ਤਰਾਸ਼ੇ ਜਾਣ ਲਈ ਭਾਜਪਾ ਸਮੇਤ ਅਕਾਲੀ ਅਤੇ ਕਾਂਗਰਸੀ ਮੁੱਖ ਕਸੂਰਵਾਰ ਹਨ, ਜੋ ਸਭ ਜਾਣਦਿਆਂ ਵੀ ਚੁੱਪ ਰਹੇ ਅਤੇ ਹੁਣ ਇਸ ਗੰਭੀਰ ਮੁੱਦੇ ’ਤੇ ਸਿਰਫ ਸਿਆਸਤ ਕਰ ਰਹੇ ਹਨ, ਜਦ ਕਿ ‘ਆਪ’ ਢਾਲ ਬਣ ਕੇ ਕਿਸਾਨਾਂ ਦੇ ਨਾਲ ਖੜ੍ਹੀ ਹੈ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਐਡਵੋਕੇਟ ਨਵਦੀਪ ਜੀਦਾ, ਨੀਲ ਗਰਗ, ਅਨਿਲ ਠਾਕੁਰ, ਅੰਮ੍ਰਿਤ ਲਾਲ ਅਗਰਵਾਲ, ਅਮਰਦੀਪ ਰਾਜਨ, ਰਾਕੇਸ਼ ਪੁਰੀ, ਮਹਿੰਦਰ ਸਿੰਘ, ਪ੍ਰਦੀਪ ਮਿੱਤਲ ਤੇ ਪ੍ਰਦੀਪ ਕਾਲੀਆ ਹਾਜ਼ਰ ਸਨ।