ਮਨੋਜ ਸ਼ਰਮਾ
ਬਠਿੰਡਾ, 30 ਸਤੰਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਨੂੰ ਜਾਣ ਵਾਲੀ ‘ਬਠਿੰਡਾ-ਟੂ-ਬਾਦਲ’ ਜਰਨੈਲੀ ਸੜਕ ਦੇ ਮੰਦੜੇ ਹਾਲ ਹੋ ਗਏ ਹਨ। ਬਠਿੰਡਾ ਦੇ ਨੰਨ੍ਹੀ ਛਾਂ ਚੌਕ ਤੋਂ ਤਕਰੀਬਨ 35 ਕਿੱਲੋਮੀਟਰ ਤੱਕ ਸਫ਼ਰ ਤੈਅ ਕਰਨ ਵਾਲੀ ਇਸ ਸੜਕ ਦੇ 10 ਵਰ੍ਹੇ ਪਹਿਲਾਂ ਵਾਰੇ-ਨਿਆਰੇ ਸਨ। ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਨੂੰ ਜਾਂਦੀ ਇਸ ਸੜਕ ਉੱਤੇ ਜੰਗਲਾਤ ਵਿਭਾਗ ਅਤੇ ਸੜਕ ਮਹਿਕਮੇ ਦੇ ਕਾਮੇ ਸੜਕ ’ਤੇ ਲੱਗੇ ਕਨੇਰ ਦੇ ਫੁੱਲਾਂ ਦੇ ਬੂਟਿਆਂ ਨੂੰ ਹਰਾ-ਭਰਾ ਰੱਖਣ ਲਈ ਪਾਣੀ ਦਿੰਦੇ ਰਹਿੰਦੇ ਸਨ ਅਤੇ ਹੂਟਰ ਵਾਲੀਆਂ ਗੱਡੀਆਂ ਦੀ ਲਾਈਨ ਲੱਗੀ ਰਹਿੰਦੀ ਸੀ । ਇਸ ਜਰਨੈਲੀ ਸੜਕ ’ਤੇ ਬਠਿੰਡਾ ਤੋਂ ਪਿੰਡ ਬਾਦਲ ਤੱਕ ਲੱਗੀਆਂ ਲਾਈਟਾਂ ਰਾਤ ਵੇਲੇ ਸਫ਼ਰ ਕਰਨ ਵਾਲੇ ਯਾਤਰੀਆਂ ਦੀਆਂ ਅੱਖਾਂ ਇਸ ਤਰਾਂ ਚੁੰਧਿਆ ਦਿੰਦਿਆਂ ਸਨ ਜਿਵੇਂ ਕਿਸੇ ਯੋਰਪੀ ਦੇਸ਼ ਦੀ ਸੜਕ ’ਤੇ ਸਫ਼ਰ ਕਰ ਰਹੇ ਹੋਈਏ। ਸਮਾਂ ਬਦਲਿਆ ਤਾਂ ਸੱਤਾ ਦਾ ਸੂਰਜ ਅਸਤ ਹੁੰਦਿਆਂ ਹੀ ਕਾਂਗਰਸ ਸਰਕਾਰ ਬਣੀ ਅਤੇ ਇਸ ਸੜਕ ਦੇ ਹਾਲ ਮੰਦੜੇ ਹੋ ਗਏ।
ਸੜਕ ’ਤੇ ਫੁੱਲਾਂ ਦੀ ਟਹਿਲ ਸੇਵਾ ਕਰਨ ਵਾਲੀ ਜੰਗਲਾਤ ਅਤੇ ਸੜਕ ਮਹਿਕਮੇ ਦੀ ਟੀਮ ਗ਼ਾਇਬ ਹੋ ਗਈ। ਕਨੇਰ ਸੁੱਕ ਗਿਆ, ਲਾਈਟਾਂ ਬੰਦ ਹੋ ਗਈਆਂ ਤੇ ਸੜਕ ਵਿਚਲੇ ਡਿਵਾਈਡਰ ਤੇ ਹੁਣ ਕਨੇਰ ਨਹੀਂ ਸਗੋਂ ਅੱਕਾਂ ਦਾ ਬੋਲਬਾਲਾ ਹੈ। ਰਾਹਗੀਰਾਂ ਦਾ ਕਹਿਣਾ ਹੈ ਮੁੱਖ ਮੰਤਰੀ ਦੇ ਪਿੰਡ ਨੂੰ ਜਾਣ ਵਾਲੀ ਸੜਕ ’ਤੇ ਲਾਈਟਾਂ ਵੀ ਗ਼ਾਇਬ ਹਨ, ਲੋਕ ਪਾਥੀਆਂ ਪੱਥ ਰਹੇ ਹਨ, ਸੜਕ ’ਤੇ ਖੱਡੇ ਪੈ ਚੁੱਕੇ ਹਨ। ਬਾਦਲ ਦੇ ਪੁਰਖੇ ਪਿੰਡ ਘੁੱਦਾ ਸਮੇਤ ਵੱਖ ਵੱਖ ਥਾਵਾਂ ’ਤੇ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ। ਰੋਡ ’ਤੇ ਲੱਗੇ ਸਾਈਨ ਬੋਰਡ ਵੀ ਚੋਰੀ ਹੋ ਗਏ ਹਨ ।
ਸੜਕ ਦੀ ਮੁਰੰਮਤ ਲਈ ਟੈਂਡਰ ਜਾਰੀ: ਐਕਸੀਅਨ
ਸੜਕ ਵਿਭਾਗ ਦੇ ਐਕਸੀਅਨ ਟੇਕ ਸਿੰਘ ਨੇ ਕਿਹਾ ਹੈ ਸੜਕ ਦੀ ਮੁਰੰਮਤ ਲਈ ਟੈਂਡਰ ਭੇਜ ਦਿੱਤਾ ਗਿਆ ਹੈ ਤੇ ਜਲਦ ਹੀ ਅਗਲੀ ਕਾਰਵਾਈ ਹੋਵੇਗੀ।