ਪੱਤਰ ਪ੍ਰੇਰਕ
ਬਠਿੰਡਾ, 9 ਅਗਸਤ
ਵਿੱਤ ਮੰਤਰੀ ਨੇ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਖ਼ਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ। ਬੀਤੇ ਦਿਨੀਂ ਬਠਿੰਡਾ ਦੇ ਲਾਲ ਸਿੰਘ ਨਗਰ ਵਿੱਚ ਪੁਲੀਸ ਕਲੋਨੀ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 1 ਏਕੜ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਪਾਰਕ ਬਣਾਉਣ ਦਾ ਨੀਂਹ ਪੱਥਰ ਰੱਖਿਆ ਹੈ। ਇਸ ਨੀਂਹ ਪੱਥਰ ਤੋਂ ਬਾਅਦ ਲੋਕਾਂ ਨੇ ਆਪਣੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਚੋਣਾਂ ਸਿਰ ’ਤੇ ਹੋਣ ਕਾਰਨ ਨਵੇਂ ਨੀਂਹ ਪੱਥਰ ਰੱਖੇ ਜਾ ਰਹੇ ਹਨ ਅਤੇ ਪਹਿਲਾਂ ਤੋਂ ਬਣੀਆਂ ਇਮਾਰਤਾਂ ਖੰਡਰ ਹੋ ਰਹੀਆਂ ਹਨ। ਇਸ ਮਾਮਲੇ ’ਤੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਉਨ੍ਹਾਂ ਦੱਸਿਆ ਕਿ ਤਤਕਾਲੀ ਕਾਂਗਰਸ ਦੀ ਕੈਪਟਨ ਸਰਕਾਰ ਦੀ ਵਜ਼ਾਰਤ ਵਿਚ ਰਹੇ ਬਠਿੰਡਾ ਤੋਂ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਨੇ ਲਾਲ ਸਿੰਘ ਨਗਰ ਪੁਲੀਸ ਕਲੋਨੀ ਵਿੱਚ ਇੱਕ ਏਕੜ ਵਿਚ ਪਾਰਕ ਸਥਾਪਿਤ ਕੀਤਾ ਸੀ। ਇਸ ਵਿਚ ਬੱਚਿਆਂ ਲਈ ਝੂਲੇ , ਅਥਲੈਟਿਕਸ ਟਰੈਕ, , ਜੌਗਿੰਗ ਪਾਰਕ ਸਮੇਤ ਹੋਰਨਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸਨ । ਪਰ ਅਫ਼ਸੋਸ ਉਸ ਦੀ ਸਾਂਭ ਸੰਭਾਲ ਨਾਂ ਹੋਣ ਕਾਰਨ ਉਹ ਪਾਰਕ ਆਖ਼ਰੀ ਦਮ ਭਰ ਰਿਹਾ ਹੈ। ਝੂਲੇ ਅਤੇ ਹੋਰ ਸਾਜ਼ੋ ਸਾਮਾਨ ਨਸ਼ੇੜੀ, ਚੋਰ ਉਚੱਕੇ ਲੈ ਗਏ ਹਨ। ਪਾਰਕ ਵਿਚ ਜੰਗਲੀ ਘਾਹ ਦਾ ਕਬਜ਼ਾ ਹੈ। ਕਾਰਪੋਰੇਸ਼ਨ ਵੀ ਪਾਰਕ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਪਾਰਕ ਦੇ ਗੇਟ ਨੂੰ ਕੰਡਿਆਲੇ ਝਾਡੀਆਂ ਨੇ ਬੰਦ ਕੀਤਾ ਹੋਇਆ ਹੈ। ਰੈਨੋਵੇਸ਼ਨ ਦੀ ਉਡੀਕ ਕਰ ਰਹੇ ਪੁਰਾਣੇ ਪਾਰਕ ਤੋਂ 400 ਮੀਟਰ ਦੀ ਦੂਰੀ ’ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਵੇਂ ਪਾਰਕ ਦਾ ਨੀਂਹ ਪੱਥਰ ਰੱਖਿਆ ਹੈ। ਇਸ ਪਾਰਕ ’ਤੇ 60 ਲੱਖ ਦੀ ਲਾਗਤ ਆਵੇਗੀ। ਹੁਣ ਸਵਾਲ ਇਹ ਹੈ ਕਿ ਵਿੱਤ ਮੰਤਰੀ ਨੂੰ ਕਾਂਗਰਸ ਟੀਮ ਨੇ ਪੁਰਾਣੇ ਪਾਰਕ ਦੇ ਦਰਸ਼ਨ ਹੀ ਨਹੀਂ ਕਰਵਾਏ ਜਾਂ ਫਿਰ ,ਪੱਤਪੱਤ ਝੜ ਵੇ ਪੁਰਾਣਿਆਂ, ਰੁੱਤ ਨਵਿਆਂ ਦੀ ਆਈ ਐ , ਵਾਲੀ ਗੱਲ ਢੁੱਕਦੀ ਹੈ।