ਪੱਤਰ ਪ੍ਰੇਰਕ
ਬਠਿੰਡਾ, 12 ਅਗਸਤ
ਆਸ਼ਾ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਮੀਡੀਆ ਨੂੰ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਆਸ਼ਾ ਨੂੰ ਲੰਮੇ ਸੰਘਰਸ਼ ਤੋਂ ਬਾਅਦ ਏਐੱਨਐੱਮ ਦੀ ਭਰਤੀ ਵਿੱਚ ਕੋਟਾ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਬਤੌਰ ਏਐੱਨਐੱਮ ਸੇਵਾਵਾਂ ਨਿਭਾਉਣ ਦਾ ਮੌਕਾ ਮਿਲ ਸਕੇਗਾ। ਇਸ ਪ੍ਰਾਪਤੀ ਲਈ ਸਾਰੇ ਹੀ ਆਸ਼ਾ ਵਰਕਰ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਹਾਲੇ ਵੀ ਆਸ਼ਾ ਤੋਂ ਏਐੱਨਐੱਮ ਪ੍ਰੋਮੋਸ਼ਨ ਅਤੇ ਏਐੱਨਐੱਮ ਦੀ ਭਰਤੀ ਲਈ ਆਸ਼ਾ ਨੂੰ ਉਮਰ ਹੱਦ ਵਿੱਚ ਛੋਟ ਦੇਣ ਦੀ ਮੰਗ ਮਨਵਾਉਣ ਲਈ ਸੰਘਰਸ਼ ਜਾਰੀ ਰਹੇਗਾ।
ਯੂਨੀਅਨ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਅਤੇ ਬਠਿੰਡਾ ਇਕਾਈ ਤੋਂ ਪਰਮਜੀਤ ਕੌਰ ਮੀਤ ਪ੍ਰਧਾਨ, ਸੁਖਜੀਤ ਕੌਰ ਜਨਰਲ਼ ਸਕੱਤਰ, ਵਿੱਤ ਸਕੱਤਰ ਚਰਨਜੀਤ ਕੌਰ , ਪ੍ਰਧਾਨ ਬਲਾਕ ਸੰਗਤ ਮਨਦੀਪ ਕੌਰ ਨੇ ਇਸ ਪ੍ਰਾਪਤੀ ਲਈ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਦਾ ਧੰਨਵਾਦ ਕੀਤਾ ਹੈ। ਜਿਹਨਾਂ ਵੱਲੋ ਵਿਧਾਨਸਭਾ ਵਿੱਚ ਦੋ ਸੈਸ਼ਨਾਂ ਦੌਰਾਨ ਬ੍ਰਹਮ ਮਹਿੰਦਰਾ ਅਤੇ ਬਲਬੀਰ ਸਿੰਘ ਸਿੱਧੂ ਦੇ ਸਾਹਮਣੇ ਜ਼ੋਰਦਾਰ ਢੰਗ ਨਾਲ ਆਸ਼ਾ ਵਰਕਰਾਂ ਦੇ ਹੱਕ ਵਿੱਚ ਆਵਾਜ਼ ਚੁੱਕ ਕੇ ਸਰਕਾਰ ਉੱਪਰ ਆਸ਼ਾ ਦੀਆਂ ਮੰਗਾਂ ਮਨਵਾਉਣ ਦਾ ਦਬਾਅ ਬਣਾਇਆ। ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਿੱਚ ਏਐੱਨਐੱਮ ਦੀ ਭਰਤੀ ਲਈ ਆਸ਼ਾ ਵਰਕਰਾਂ ਨੂੰ 10 ਫ਼ੀਸਦੀ ਕੋਟਾ ਦਿੱਤਾ ਹੈ।