ਮਨੋਜ ਸ਼ਰਮਾ
ਬਠਿੰਡਾ, 15 ਅਕਤੂਬਰ
ਅੱਜ ਬਠਿੰਡਾ ਕਪਾਹ ਨਿਗਮ ਦਫ਼ਤਰ ਅੱਗੇ ਕਾਟਨ ਬੈਲਟ ਨਾਲ ਸਬੰਧਿਤ ਪੰਜਾਬ ਦੀਆਂ ਮੰਡੀਆਂ ਤੋਂ ਇਲਾਵਾ, ਰਾਜਸਥਾਨ, ਹਰਿਆਣਾ ਦੇ ਆੜ੍ਹਤੀਆਂ ਵੱਲੋਂ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਖ਼ਿਲਾਫ਼ ਆਲ ਇੰਡੀਆ ਆੜ੍ਹਤੀਆਂ ਫੈਡਰੇਸ਼ਨ ਸੰਘ ਦੀ ਅਗਵਾਈ ਹੇਠ 3 ਘੰਟੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬਠਿੰਡਾ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਫ਼ਿਰੋਜ਼ਪੁਰ, ਰਾਮਾ ਮੰਡੀ, ਗੋਨਿਆਣਾ, ਤਲਵੰਡੀ, ਮੋੜ, ਰਾਮਪੁਰਾ ਫੂਲ, ਸ੍ਰੀ ਮੁਕਤਸਰ ਸਾਹਿਬ ਆਦਿ ਤੋਂ ਪੁੱਜੇ ਸੈਂਕੜੇ ਆੜ੍ਹਤੀਏ ਦੇ ਇਕੱਠ ਨੇ ਕਪਾਹ ਨਿਗਮ ਦਾ ਘਿਰਾਓ ਕੀਤਾ। ਇਸ ਮੌਕੇ ਮੰਡੀਕਰਨ ਬੋਰਡ ਦੇ ਵਾਇਸ ਚੇਅਰਮੈਨ ਵਿਜੇ ਕੁਮਾਰ ਕਾਲੜਾ ਨੇ ਵੀ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਦੋਸ਼ ਲਗਾਏ ਕਿ ਕਿਸਾਨ ਨੂੰ ਦਿੱਲੀ ਸੱਦ ਕੇ ਅਪਮਾਨ ਕਰਨਾ ਕਿਥੋਂ ਤੱਕ ਜਾਇਜ਼ ਹੈ। ਉਨ੍ਹਾਂ ਮੋਦੀ ਸਰਕਾਰ ਦੇ ਕਿਸਾਨ ਮਾਰੂ ਕਾਨੂੰਨਾਂ ਦਾ ਡੱਟ ਕੇ ਵਿਰੋਧ ਕੀਤਾ। ਜ਼ਿਲ੍ਹਾ ਪ੍ਰਧਾਨ ਗਮਦੂਰ ਸਿੰਘ ਸਮੇਤ ਆੜ੍ਹਤੀਆਂ ਨੇ ਦੋਸ਼ ਲਗਾਏ ਕਿ ਕਪਾਹ ਨਿਗਮ ਵੱਲੋਂ ਧੱਕੇਸ਼ਾਹੀ ਕਰ ਕੇ ਆੜ੍ਹਤੀਆਂ ਦੀ ਆੜ੍ਹਤ, ਮਜ਼ਦੂਰਾਂ ਦੀ ਮਜ਼ਦੂਰੀ ਮਾਰ ਲਈ ਜਦੋਂ ਕਿ ਕਿਸਾਨ ਨੂੰ ਵੀ ਜਿਣਸ ਦੇ ਭਾਅ ਸਰਕਾਰੀ ਰੇਟ ’ਤੇ ਨਹੀਂ ਦਿੱਤੇ ਜਾ ਰਹੇ। ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਬੱਬੂ, ਭੋਲਾ ਪ੍ਰਧਾਨ, ਭੂਰਾ ਲਾਲ ਆਦਿ ਨੇ ਇਸ ਮੌਕੇ ਸੰਬੋਧਨ ਕੀਤਾ। ਬੁਲਾਰਿਆਂ ਨੇ ਇਸ ਮੌਕੇ ਕਿਹਾ ਕਿ ਦੋ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਵਿੱਚ ਭਾਜਪਾ ਨੂੰ ਮੂੰਹ ਦੀ ਖਾਣੀ ਪਵੇਗੀ। ਦੂਜੇ ਪਾਸ ਕਪਾਹ ਨਿਗਮ ਦੇ ਜਨਰਲ ਮੈਨੇਜਰ ਦਾ ਕਹਿਣਾ ਹੈ ਕਿ ਸੀਸੀਆਈ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੀ ਹੈ।