ਪੱਤਰ ਪ੍ਰੇਰਕ
ਅਬੋਹਰ, 6 ਜਨਵਰੀ
ਇੱਥੋਂ ਦੇ ਸਰਕਾਰੀ ਹਸਪਤਾਲ ਰੋਡ ’ਤੇ ਸਥਿਤ ਏਓਸੀ ਅਕੈਡਮੀ ’ਚ ਅੱਜ ਤੜਕੇ ਮੀਂਹ ਕਾਰਨ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗ ਗਈ। ਅੱਗ ਨਾਲ ਅਕੈਡਮੀ ’ਚ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਸੰਚਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਅਕੈਡਮੀ ਦੇ ਸੰਚਾਲਕ ਪਿਆਰੇ ਲਾਲ ਨੇ ਦੱਸਿਆ ਕਿ ਅੱਜ ਤੜਕੇ ਕਰੀਬ 4 ਵਜੇ ਉਨ੍ਹਾਂ ਨੂੰ ਚੌਕੀਦਾਰ ਨੇ ਫੋਨ ਕਰਕੇ ਦੱਸਿਆ ਕਿ ਅਕੈਡਮੀ ਵਿੱਚ ਅੱਗ ਲੱਗੀ ਹੋਈ ਹੈ, ਜਿਸ ’ਤੇ ਉਹ ਤੁਰੰਤ ਮੌਕੇ ’ਤੇ ਪੁੱਜੇ ਅਤੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਅਕੈਡਮੀ ਵਿੱਚ ਰੱਖੇ ਲੈਪਟਾਪ, ਫਰਨੀਚਰ, ਪੱਖੇ ਅਤੇ ਜ਼ਰੂਰੀ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਸੰਚਾਲਕਾਂ ਮੁਤਾਬਕ ਉਨ੍ਹਾਂ ਦਾ ਕਰੀਬ ਡੇਢ ਤੋਂ ਦੋ ਲੱਖ ਦਾ ਨੁਕਸਾਨ ਹੋਇਆ ਹੈ।
ਬਠਿੰਡਾ ਦੇ ਪੀਐੱਨਬੀ ਬੈਂਕ ਦੇ ਰਿਕਾਰਡ ਰੂਮ ਨੂੰ ਅੱਗ ਲੱਗੀ
ਬਠਿੰਡਾ (ਪੱਤਰ ਪ੍ਰੇਰਕ): ਇੱਥੋਂ ਦੇ ਮਾਡਲ ਟਾਊਨ ਫੇਜ਼ ਇਕ ਦੇ ਟੀਵੀ ਟਾਵਰ ਦੇ ਸਾਹਮਣੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਰਿਕਾਰਡ ਰੂਮ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਬਠਿੰਡਾ ਦੇ ਸਬ ਫਾਇਰ ਅਫਸਰ ਮੱਖਣ ਰਾਮ ਅਤੇ ਲੀਡਿੰਗ ਫਾਇਰ ਅਫਸਰ ਜਸਕਰਨ ਸਿੰਘ ਦੀ ਅਗਵਾਈ ਹੇਠ ਫਾਇਰ ਬ੍ਰਿਗੇਡ ਦੀ ਟੀਮ ਨੇ 4 ਘੰਟਿਆਂ ਦੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਲੀਡਿੰਗ ਫਾਇਰ ਅਫਸਰ ਜਸਕਰਨ ਸਿੰਘ ਨੇ ਦੱਸਿਆ ਕਿ ਪੀਐੱਨਬੀ ਦਾ ਰਿਕਾਰਡ ਸੜ ਕੇ ਸੁਆਹ ਹੋ ਗਿਆ ਜੋ ਬੈਂਕ ਦੇ ਪਿਛਲੇ ਪਾਸੇ ਬਣਿਆ ਹੋਇਆ ਸੀ। ਇਸ ਘਟਨਾ ਬਾਰੇ ਜਦੋਂ ਬੈਂਕ ਮੈਨੇਜਰ ਮਨਦੀਪ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬੈਂਕ ਵਿੱਚ ਕੈਸ਼ ਜਾ ਕਿਸੇ ਹੋਰ ਸਾਮਾਨ ਦਾ ਕੋਈ ਨੁਕਸਾਨ ਨਹੀਂ ਹੋਇਆ।