ਪੱਤਰ ਪ੍ਰੇਰਕ
ਬਠਿੰਡਾ, 13 ਅਕਤੂਬਰ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਬੂਹੇ ਅੱਗੇ ਪਿਛਲੇ ਤਿੰਨ ਦਿਨ ਤੋਂ ਲਗਾਇਆ ਧਰਨਾ ਤਨਖਾਹਾਂ ਸਬੰਧੀ ਪੋਸਟਾਂ ਦੀ ਮਨਜ਼ੂਰੀ ਵਾਲੀ ਚਿੱਠੀ ਜਾਰੀ ਕਰਨ ਤੋਂ ਬਾਅਦ ਅੱਜ ਚੁੱਕ ਲਿਆ ਗਿਆ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਐਨਜੀਓ ਅਧੀਨ ਆਉਂਦੇ ਬਲਾਕਾਂ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਤਨਖ਼ਾਹਾਂ ਹਰ ਮਹੀਨੇ ਸਮੇਂ ਸਿਰ ਦਿੱਤੀਆਂ ਜਾਣ। ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਇਨ੍ਹਾਂ ਦੀਆਂ ਤਨਖ਼ਾਹਾਂ ਰੁਕੀਆਂ ਪਈਆਂ ਸਨ ਤੇ ਵਰਕਰਾਂ ਅਤੇ ਹੈਲਪਰਾਂ ਬੜੇ ਔਖੇ ਦੌਰ ਵਿਚੋਂ ਗੁਜ਼ਰ ਰਹੀਆਂ ਸਨ। ਜੇਕਰ ਅਜਿਹਾ ਨਾ ਹੋਇਆ ਤਾਂ ਜਥੇਬੰਦੀ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹਨਾਂ ਬਲਾਕਾਂ ਦਾ ਸੈਂਟਰ ਫੰਡ ਵੀ ਜਲਦੀ ਰਿਲੀਜ਼ ਕੀਤਾ ਜਾਵੇ। ਇਸ ਮੌਕੇ ਗੁਰਮੀਤ ਕੌਰ, ਜਸਵੀਰ ਕੌਰ, ਅੰਮ੍ਰਿਤਪਾਲ ਕੌਰ, ਸੋਮਾ ਰਾਣੀ, ਲੀਲਾਵਤੀ, ਨਵਜੋਤ ਕੌਰ, ਮਨਪ੍ਰੀਤ ਕੌਰ, ਨਸੀਬ ਕੌਰ ਅਤੇ ਰਣਜੀਤ ਕੌਰ ਆਦਿ ਆਗੂ ਮੌਜੂਦ ਸਨ।