ਸ਼ਗਨ ਕਟਾਰੀਆ
ਬਠਿੰਡਾ, 22 ਸਤੰਬਰ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਵੱਲੋਂ ਇੱਥੇ ਮੰਗਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਦੇ ਨਾਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ। ਬਲਾਕ ਪ੍ਰਧਾਨ ਅੰਮ੍ਰਿਤਪਾਲ ਕੌਰ ਬੱਲੂਆਣਾ ਨੇ ਅਕਤੂਬਰ 2018 ਤੋਂ ਵਰਕਰਾਂ ਅਤੇ ਹੈਲਪਰਾਂ ਦੇ ਮਾਣਭੱਤੇ ’ਚੋਂ ਕੱਟੀ ਰਾਸ਼ੀ ਜਾਰੀ ਕਰਨ, ਪੋਸ਼ਣ ਅਭਿਆਨ ਤਹਿਤ ਮਿਲਦੀ ਉਤਸ਼ਾਹ ਰਾਸ਼ੀ ਜਾਰੀ ਕਰਨ, ਪੀਐੱਮਐੱਸਵੀਵਾਈ ਤਹਿਤ ਮਿਲਦੀ ਰਾਸ਼ੀ ਦਾ ਬਕਾਇਆ ਜਾਰੀ ਕਰਨ, ਪ੍ਰੀ-ਪ੍ਰਾਇਮਰੀ ਸਕੂਲਾਂ ਦੇ ਬੱਚੇ ਵਾਪਸ ਆਂਗਣਵਾੜੀ ਕੇਂਦਰਾਂ ’ਚ ਭੇਜਣ, ਹਰਿਆਣਾ ਪੈਟਰਨ ’ਤੇ ਪੰਜਾਬ ’ਚ ਮਾਣਭੱਤੇ ਦੇਣ, ਖਾਲੀ ਅਸਾਮੀਆਂ ਭਰਨ, ਜਾਅਲਸਾਜ਼ੀ ਨਾਲ ਹੋਈਆਂ ਤਰੱਕੀਆਂ ਦੇ ਦੋਸ਼ੀਆਂ ਨੂੰ ਨੌਕਰੀਓਂ ਕੱਢ ਕੇ ਧੋਖਾਧੜੀ ਦੇ ਕੇਸ ਦਰਜ ਕਰਨ, ਮੀਟਿੰਗ ਦਾ ਟੀਏ 200 ਰੁਪਏ ਦੇਣ ਦੀ ਮੰਗ ਕੀਤੀ। ਪ੍ਰਦਰਸ਼ਨ ਵਿਚ ਗੁਰਮੀਤ ਕੌਰ, ਸੋਮਾ ਰਾਣੀ, ਰੂਪ ਰਾਣੀ, ਗੁਰਚਰਨ ਕੌਰ, ਰਣਜੀਤ ਕੌਰ, ਮਨਪ੍ਰੀਤ ਸਿਵੀਆਂ ਹਾਜ਼ਰ ਸਨ।
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨ ਸ਼ਿੰਦਰਪਾਲ ਕੌਰ ਦਿਆਲਪੁਰਾ ਭਾਈਕਾ ਅਤੇ ਬਲਾਕ ਪ੍ਰਧਾਨ ਜਸਵਿੰਦਰ ਕੌਰ ਭਗਤਾ ਨੇ ਦੱਸਿਆ ਕਿ ਆਂਗਣਵਾੜੀ ਐਂਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ ’ਤੇ ਆਪਣੀਆਂ ਭਖਦੀਆਂ ਮੰਗਾਂ ਸਬੰਧੀ ਯੂਨੀਅਨ ਵੱਲੋਂ ਇਕ ਤੋਂ 30 ਸਤੰਬਰ ਤਕਧਰਨੇ ਦਿੱਤੇ ਜਾ ਰਹੇ ਹਨ। ਇਸ ਤਹਿਤ ਬਲਾਕ ਭਗਤਾ ਦੀਆਂ ਆਂਗਣਵਾੜੀ ਵਰਕਰਾਂ ਵੱਲੋਂ 28 ਸਤੰਬਰ ਨੂੰ ਬੀਡੀਪੀਓ ਦਫ਼ਤਰ ਭਗਤਾ ਭਾਈਕਾ ਅੱਗੇ ਧਰਨਾ ਦੇ ਕੇ ਬੀਡੀਪੀਓ ਰਾਹੀਂ ਮੁੱਖ ਮੰਤਰੀ ਅਤੇ ਮਹਿਕਮੇ ਦੇ ਮੰਤਰੀ ਅਰੁਣਾ ਚੌਧਰੀ ਦੇ ਨਾਂ ਮੰਗ ਪੱਤਰ ਭੇਜੇ ਜਾਣਗੇ।
ਮਹਿਲ ਕਲਾਂ (ਨਵਕਿਰਨ ਸਿੰਘ): ਬਲਾਕ ਮਹਿਲ ਕਲਾਂ ਨਾਲ ਸਬੰਧਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਬੀਡੀਪੀਓ ਦਫ਼ਤਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਯੂਨੀਅਨ ਦੀ ਬਲਾਕ ਪ੍ਰਧਾਨ ਦਲਜੀਤ ਕੌਰ ਅਤੇ ਮੀਤ ਪ੍ਰਧਾਨ ਭੋਲੀ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਤਨਖਾਹਾਂ ’ਚ ਵਾਧਾ ਤਾਂ ਕੀ ਕਰਨਾ ਸੀ, ਸਗੋਂ ਜਥੇਬੰਦੀ ਨੂੰ ਪਿਛਲੇ ਦੋ ਸਾਲਾਂ ਤੋਂ ਵਰਕਰਾਂ ਤੇ ਹੈਲਪਰਾਂ ਦੇ ਕੱਟੇ ਹੋਏ ਬਕਾਏ ਦੇ ਕ੍ਰਮਵਾਰ 600 ਅਤੇ 300 ਰੁਪਏ ਲੈਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ, ਜਿਸ ਕਾਰਨ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਰੋਸ ਹੈ।