ਸ਼ਗਨ ਕਟਾਰੀਆ
ਬਠਿੰਡਾ , 11 ਅਕਤੂਬਰ
‘ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ’ ਨਾਲ ਸਬੰਧਤ ਬਲਾਕ ਬਠਿੰਡਾ ਦੀਆਂ ਵਰਕਰਾਂ ਵੱਲੋਂ ਕਥਿਤ ਤੌਰ ’ਤੇ ਰੁਕੀਆਂ ਤਨਖ਼ਾਹਾਂ ਨੂੰ ਜਾਰੀ ਕਰਵਾਉਣ ਦੀ ਮੰਗ ਲੈ ਕੇ ਅੱਜ ਬਠਿੰਡਾ (ਸ਼ਹਿਰੀ) ਤੋਂ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਸਥਾਨਕ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ।
ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਇਸ ਮੌਕੇ ਕਿਹਾ ਕਿ ਬਲਾਕ ਬਠਿੰਡਾ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਜਿਸ ਕਾਰਨ ਉਹ ਆਰਥਿਕ ਤੰਗੀ ਕੱਟ ਰਹੀਆਂ ਹਨ। ਉਨ੍ਹਾਂ ਆਖਿਆ ਕਿ ਆਂਗਣਵਾੜੀ ਕੇਂਦਰਾਂ ਦਾ ਕਿਰਾਇਆ ਜਾਰੀ ਨਾ ਹੋਣ ਕਾਰਣ ਵਰਕਰਾਂ ਆਪਣੇ ਪੱਲਿਓਂ ਕਿਰਾਇਆ ਤਾਰ ਰਹੀਆਂ ਹਨ। ਜਾਣਕਾਰੀ ਅਨੁਸਾਰ ਵਿਧਾਇਕ ਜਗਰੂਪ ਸਿੰਘ ਗਿੱਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੁਜਰਾਤ ਗਏ ਹੋਣ ਕਰਕੇ ਪ੍ਰਦਰਸ਼ਨਕਾਰੀਆਂ ਨਾਲ ਉਨ੍ਹਾਂ ਦੀ ਗੱਲਬਾਤ ਨਾ ਹੋ ਸਕੀ। ਹਰਗੋਬਿੰਦ ਕੌਰ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਰੋਜ਼ਾਨਾ ਇਸੇ ਜਗ੍ਹਾ ’ਤੇ ਅਜਿਹਾ ਪ੍ਰਦਰਸ਼ਨ ਕੀਤਾ ਜਾਵੇਗਾ। ਧਰਨੇ ’ਚ ਜ਼ਿਲ੍ਹਾ ਪ੍ਰਧਾਨ ਗੁਰਮੀਤ ਗੋਨੇਆਣਾ, ਜਸਵੀਰ ਕੌਰ ਬਠਿੰਡਾ, ਸੋਮਾ ਰਾਣੀ, ਦਰਸ਼ਨਾ ਕੌਰ, ਨਵਜੋਤ ਕੌਰ, ਰੂਪ ਕੌਰ, ਰੁਪਿੰਦਰ ਕੌਰ, ਲੀਲਾਵੰਤੀ, ਗੁਰਚਰਨ ਕੌਰ ਆਦਿ ਆਗੂ ਮੌਜੂਦ ਸਨ।