ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 26 ਸਤੰਬਰ
‘ਦਿ ਨੇਚਰ ਕੰਜਰਵੈਂਸੀ ਇੰਡੀਆ’ ਵੱਲੋਂ ਇੱਥੇ ‘ਪੰਜਾਬ ਵਿੱਚ ਪੁਨਰ-ਉਤਪਾਦਨ ਖੇਤੀ ਅਤੇ ਫ਼ਸਲੀ ਵਿਭਿੰਨਤਾ ਦੀ ਲੋੜ’ ਵਿਸ਼ੇ ’ਤੇ ਮੀਡੀਆ ਕਾਰਜਸ਼ਾਲਾ ਹੋਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੁਦਰਤ, ਮਿੱਟੀ ਅਤੇ ਪਾਣੀ ਅਨੁਕੂਲ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ (ਸੀਆਰਐਮ) ਅਜੋਕੀ ਖੇਤੀ ਦੀ ਮੁੱਖ ਲੋੜ ਹੈ। ਮਾਹਿਰਾਂ ਨੇ ਪੰਜਾਬ ਅੰਦਰ ਖੇਤੀਬਾੜੀ ਨੂੰ ਟਿਕਾਊ ਅਤੇ ਸਫ਼ਲ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਮਸ਼ਵਰਾ ਦਿੱਤਾ ਕਿ ਕਿਸਾਨਾਂ ਨੂੰ ਖੇਤੀ ਦੇ ਆਪਣੇ ਪੁਰਾਣੇ ਅਭਿਆਸਾਂ ਨੂੰ ਬਦਲਣਾ ਪਵੇਗਾ। ਉਨ੍ਹਾਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਰੱਥ ਵਾਤਾਵਰਨ ਪ੍ਰਣਾਲੀ ਵਿਕਸਿਤ ਕੀਤੇ ਜਾਣ ਦੀ ਵਕਾਲਤ ਵੀ ਕੀਤੀ।
ਨੇਚਰ ਕੰਜਰਵੈਂਸੀ ਵੱਲੋਂ ਸੰਚਾਲਿਤ ਪ੍ਰਾਣਾ ਪ੍ਰਾਜੈਕਟ ਦੇ ਨਿਰਦੇਸ਼ਕ ਡਾ. ਗੁਰੂ ਕੋਪਾ ਨੇ ਕਿਹਾ ਕਿ ਸਾਨੂੰ ਟਿਕਾਊ, ਲਾਭਕਾਰੀ ਅਤੇ ਪੁਨਰ-ਉਤਪਾਦਕ ਖੇਤੀ ਦੀ ਆਦਤ ਪਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਸਭ ਤੋਂ ਮਹੱਤਵਪੂਰਨ ਮੁੱਦਾ ਹੈ ਪਰ ਇਸ ਨੂੰ ਸਾੜਨਾ ਸਹੀ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਨੇਚਰ ਕੰਜਰਵੈਂਸੀ ਨੇ ਪੰਜਾਬ ਵਿੱਚ ਪ੍ਰਾਣਾ ਪ੍ਰਾਜੈਕਟ ਲਾਂਚ ਕੀਤਾ ਹੈ ਅਤੇ ਇਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਅਤੇ ਕਾਰਬਨ ਦੇ ਨਿਕਾਸ ਨੂੰ ਘਟਾਉਣ ਲਈ ਚਾਰ ਸਾਲਾਂ ਦਾ ਇੱਕ ਸਾਰਥਿਕ ਪ੍ਰਾਜੈਕਟ ਹੈ। ਵਰਕਸ਼ਾਪ ਵਿੱਚ ਹਾਜ਼ਰ ਮਾਹਿਰਾਂ ਅਨੁਸਾਰ ਹੈਪੀ ਸੀਡਰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਇੱਕ ਸਾਰਥਕ ਹੱਲ ਹੈ।
ਖੇਤੀ ਵਿਗਿਆਨੀ ਡਾ. ਜਗਦੀਸ਼ ਗਰੋਵਰ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਅਸੀਂ ਫ਼ਸਲੀ ਵਿਭਿੰਨਤਾ ਸਮੇਤ ਸੀਆਰਐਮ ਦੇ ਬਿਹਤਰ ਤਰੀਕਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਸ ਮੌਕੇ ਐਗਰੀਕਲਚਰ ਸਬ- ਇੰਸਪੈਕਟਰ ਬਠਿੰਡਾ ਸੁਖਪਾਲ ਸ਼ਰਮਾ ਤੇ ਕੁਲਬੀਰ ਬਰਾੜ, ਸੀਨੀਅਰ ਏਰੀਆ ਮੈਨੇਜਰ ਆਰਜੀਆਰਐੱਲ ਵੀ ਹਾਜ਼ਰ ਸਨ। ਖੇਤੀ ਦੀ ਰਹਿੰਦ-ਖੂੰਹਦ ਨੂੰ ਸਾੜੇ ਬਗ਼ੈਰ ਖੇਤੀ ਕਰਨ ਵਾਲੇ ਬਠਿੰਡਾ ਜ਼ਿਲ੍ਹੇ ਦੇ ਕਿਸਾਨ ਸੁਖਪਾਲ ਸਿੰਘ ਅਤੇ ਧਰਮਿੰਦਰ ਸਿੰਘ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।