ਪੱਤਰ ਪ੍ਰੇਰਕ
ਬਠਿੰਡਾ, 4 ਜੂਨ
ਪਿਛਲੇ ਦਿਨੀਂ ਜ਼ਿਲ੍ਹਾ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਕਤਲ ਕੀਤੇ ਗਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਹਲਕੇ ਦੀ ਲੀਡਰਸ਼ਿਪ ਵੱਲੋਂ ਦੋ ਮਿੰਟ ਦਾ ਮੋਨ ਰੱਖ ਕੇ ਸਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਕਾਰ ਸਿੰਘ ਬਰਾੜ, ਪਾਰਟੀ ਦੇ ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ ਬੀੜ ਬਹਿਮਣ, ਸੂਬਾ ਜਨਰਲ ਸਕੱਤਰ ਮੋਹਿਤ ਗੁਪਤਾ, ਦਲਜੀਤ ਸਿੰਘ ਬਰਾੜ ਮੈਂਬਰ ਪੀਏਸੀ ਪੰਜਾਬ, ਚਮਕੌਰ ਸਿੰਘ ਮਾਨ ਬੁਲਾਰਾ ਪੰਜਾਬ, ਨਿਰਮਲ ਸਿੰਘ ਸੰਧੂ, ਮੋਹਨਜੀਤ ਪੁਰੀ, ਰਾਜਵਿੰਦਰ ਸਿੰਘ ਆਦਿ ਆਗੂ ਸ਼ਾਮਲ ਹੋਏ। ਮੀਟਿੰਗ ਵਿਚ ਪੰਜਾਬ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਪੁਲੀਸ ਨੂੰ ਦਿੱਲੀ ਪੁਲੀਸ ਵੱਲੋਂ ਪਹਿਲਾਂ ਹੀ ਸੁਚੇਤ ਕੀਤਾ ਜਾ ਚੁੱਕਿਆ ਸੀ। ਪੰਜਾਬ ਪੁਲੀਸ ਨੇ ਸਮਾਂ ਰਹਿੰਦਿਆਂ ਮੌਕਾ ਨਹੀਂ ਸੰਭਾਲਿਆ। ਮੁਸੇਵਾਲਾ ਦੀ ਜਾਨ ਨੂੰ ਖ਼ਤਰੇ ਨੂੰ ਵੇਖਦਿਆਂ ਸਰਕਾਰ ਵੱਲੋਂ ਉਸ ਦੀ ਸੁਰੱਖਿਆ ਵਿਚ ਵਾਧਾ ਕਰਨ ਦੀ ਲੋੜ ਸੀ। ਇਸ ਮੌਕੇ ਮੌਜੂਦਾ ਰਾਜਨੀਤਿਕ ਹਾਲਾਤਾਂ ’ਤੇ ਵੀ ਵਿਚਾਰਾਂ ਹੋਈਆਂ।