ਪੱਤਰ ਪ੍ਰੇਰਕ
ਬਠਿੰਡਾ, 9 ਜੁਲਾਈ
ਸ਼੍ਰੋਮਣੀ ਅਕਾਲੀ ਦਲ-ਬਸਪਾ ਵਰਕਰਾਂ ਵੱਲੋਂ ਅੱਜ ਜ਼ਿਲ੍ਹਾ ਪੁਲੀਸ ਮੁਖੀ ਬਠਿੰਡਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਤੇ ਨਾਜਾਇਜ਼ ਮਾਈਨਿੰਗ ਕਰਨ, ਸਾਬਕਾ ਵਿਧਾਇਕ ’ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰ ਕੇ ਸ਼ਹਿਰ ’ਚ ਵਿਕਾਸ ਦੇ ਨਾਂ ’ਤੇ ਕੀਤੇ ਜਾ ਰਹੇ ਘਪਲਿਆਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਲੀਡਰਸ਼ਿਪ ਨੇ ਅਫ਼ਸਰਸ਼ਾਹੀ ਨੂੰ ਚਿਤਾਵਨੀ ਦਿੱਤੀ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਉਹ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਤੇ ਉਸਦੇ ਰਿਸ਼ਤੇਦਾਰ ਜੋਜੋ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਨਾ ਕਰਨ। ਲੋਕਾਂ ਨੂੰ ਇਨਸਾਫ਼ ਦੇਣ, ਨਹੀਂ ਤਾਂ ਇਸ ਦਾ ਖਮਿਆਜ਼ਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਅਫ਼ਸਰਾਂ ਨੂੰ ਵੀ ਭੁਗਤਣਾ ਪਵੇਗਾ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਟੋਕਾ ਸੈਂਡ ਵੱਲੋਂ ਕੀਤੇ ਘਪਲੇ ਦਾ 1-1 ਰੁਪਿਆ ਵਸੂਲ ਕੇ ਰਹਾਂਗੇ, ਭਾਵੇਂ ਇਸ ਲਈ ਕੋਈ ਵੀ ਲੜਾਈ ਲੜਨੀ ਪਵੇ। ਜੇ ਪ੍ਰਸ਼ਾਸਨ ਨੇ ਹਫ਼ਤੇ ’ਚ ਪਰਚਾ ਦਰਜ ਨਾ ਕੀਤਾ ਤਾਂ ਇਸ ਤੋਂ ਅਗਲਾ ਸੰਘਰਸ਼ ਵੱਡਾ ਹੋਵੇਗਾ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਕੈਪਟਨ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਸਾਬਕਾ ਵਿਧਾਇਕ ਨੇ ਦੋਸ਼ ਲਾਏ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਅੱਖ ਥਰਮਲ ਪਲਾਂਟ ਦੀ ਜ਼ਮੀਨ ਤੇ ਉਸ ’ਚ ਲੱਗੇ ਮਟੀਰੀਅਲ ’ਤੇ ਸੀ ਜਿਸ ਨੂੰ ਵੇਚ ਕੇ ਕਰੋੜਾ ਦਾ ਘਪਲਾ ਕੀਤਾ ਗਿਆ, ਇਹ ਬਹੁਤ ਵੱਡਾ ਧੋਖਾ ਹੈ। ਜਿਸ ਦੀ ਨਿਰਪੱਖ ਜਾਂਚ ਹੋਣੀ ਬਣਦੀ ਹੈ, ਕਿਉਂਕਿ ਸੱਤ ਸੌ ਕਰੋੜ ਰੁਪਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨਵੀਨੀਕਰਨ ’ਤੇ ਖਰਚਿਆ ਗਿਆ ਸੀ, ਜੇ ਉਸ ਦਾ ਸਕਰੈਪ ਵੀ ਵੇਚਿਆ ਜਾਵੇ ਉਹ ਵੀ ਪੰਜ ਸੌ ਕਰੋੜ ਤੋਂ ਉਪਰ ਦਾ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸਾਬਕਾ ਮੇਅਰ ਬਜੀਤ ਬੀੜਬਹਿਮਨ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਡਾ ਜੋਗਿੰਦਰ ਸਿੰਘ ਆਦਿ ਨੇ ਦੋਸ਼ ਲਾਇਆ ਕਿ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ੍ਹ ਹੋਈ ਹੈ, ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ, ਬਿਜਲੀ ਦੇ ਕਟ ਲੱਗ ਰਹੇ ਹਨ, ਲੋਕਾਂ ਨੂੰ ਕੋਈ ਸਹੂਲਤ ਮੁਹੱਈਆ ਨਹੀਂ ਹੋ ਰਹੀ ਤੇ ਕੁਰਸੀ ਦੀ ਲੜਾਈ ਵਿੱਚ ਉਲਝੇ ਕਾਂਗਰਸੀਆਂ ਨੂੰ ਪੰਜਾਬ ਦਾ ਕੋਈ ਧਿਆਨ ਨਹੀਂ।