ਪੱਤਰ ਪ੍ਰੇਰਕ
ਬਠਿੰਡਾ, 15 ਜੁਲਾਈ
ਸ਼ੋਮਣੀ ਅਕਾਲੀ ਦਲ ਅਤੇ ਬਸਪਾ ਵਰਕਰਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਬਸਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਜੋਗਿੰਦਰ ਸਿੰਘ, ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ, ਅਕਾਲੀ ਆਗੂ ਜਗਦੀਪ ਸਿੰਘ ਗਹਿਰੀ, ਨਿਰਮਲ ਸਿੰਘ ਤੇ ਮੱਖਣ ਸਿੰਘ ਨੇ ਡਾ. ਭੀਮ ਰਾਓ ਅੰਬੇਡਕਰ ਪਾਰਕ ਵਿੱਚ ਧਰਨੇ ਮੌਕੇ ਕਿਹਾ ਕਿ ‘ਆਪ’ ਆਗੂ ਅਨਮੋਲ ਗਗਨ ਮਾਨ ਵੱਲੋਂ ਡਾ. ਭੀਮ ਰਾਓ ਅੰਬੇਂਡਕਰ ਤੇ ਸੰਵਿਧਾਨ ਖ਼ਿਲਾਫ਼ ਵਰਤੀ ਗਈ ਮਾੜੀ ਸ਼ਬਦਾਵਲੀ ਨਿੰਦਣਯੋਗ ਹੈ।
ਬਠਿੰਡਾ/ਜੈਤੋ (ਸ਼ਗਨ ਕਟਾਰੀਆ): ਬਸਪਾ ਦੇ ਸੱਦੇ ਤਹਿਤ ‘ਆਪ’ ਆਗੂ ਅਣਮੋਲ ਗਗਨ ਮਾਨ ਖ਼ਿਲਾਫ਼ ਅੱਜ ਬਠਿੰਡਾ ਅਤੇ ਜੈਤੋ ’ਚ ਪੁਤਲੇ ਸਾੜ ਕੇ ਰੋਸ ਪ੍ਰਗਟਾਇਆ ਗਿਆ। ਪ੍ਰਦਰਸ਼ਨਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੀ ਭਾਈਵਾਲ ਪਾਰਟੀ ਦਾ ਸਾਥ ਦਿੱਤਾ ਗਿਆ। ਬਠਿੰਡਾ ’ਚ ਬਸਪਾ ਆਗੂ ਜੋਗਿੰਦਰ ਸਿੰਘ, ਐਡਵੋਕੇਟ ਰਾਜਿੰਦਰ ਕੁਮਾਰ, ਬਿੱਲੂ ਸਿੰਘ, ਸੁਰੇਸ਼ ਰਾਹੀ, ਐਡਵੋਕੇਟ ਨਵਨੀਤ ਕਟਾਰੀਆ, ਮੇਜਰ ਸਿੰਘ, ਸੇਵਾ ਸਿੰਘ ਆਦਿ ਤੋਂ ਇਲਾਵਾ ਅਕਾਲੀ ਆਗੂ ਦੀਨਵ ਸਿੰਗਲਾ, ਮੱਖਣ ਸਿੰਘ, ਰਾਕੇਸ਼ ਸਿੰਗਲਾ ਆਦਿ ਹਾਜ਼ਰ ਸਨ। ਜੈਤੋ ’ਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਤੇ ਸਾਥੀਆਂ ਸਮੇਤ ਬਸਪਾ ਆਗੂ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।
ਸ੍ਰੀ ਮੁਕਤਸਰ ਸਹਬਿ (ਗੁਰਸੇਵਕ ਸਿੰਘ ਪ੍ਰੀਤ): ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਸਥਾਨਕ ਕੋਟਕਪੂਰਾ ਚੌਕ ’ਚ ‘ਆਪ’ ਆਗੂ ਅਨਮੋਲ ਗਗਨ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਸਥਾਨਕ ਗੋਨਿਆਣਾ ਰੋਡ ’ਤੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਵਿੱਚ ਰੋਸ ਮੁਜ਼ਾਹਰਾ ਵੀ ਕੀਤਾ ਗਿਆ। ਇਸ ਮੌਕੇ ਬਸਪਾ ਦੇ ਜ਼ਿਲਾ ਪ੍ਰਧਾਨ ਮੰਦਰ ਸਿੰਘ ਸਰਾਏਨਾਗਾ ਨੇ ਕਿਹਾ ਕਿ ਅਨਮੋਲ ਗਗਨ ਮਾਨ ਵੱਲੋਂ ਸੰਵਿਧਾਨ ਖਿਲਾਫ ਮਾੜੀ ਸ਼ਬਦਾਵਲੀ ਵਰਤੀ ਗਈ ਹੈ ਜੋ ਕਿ ਦਲਿਤ ਵਰਗਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ।
ਰਾਮਪੁਰਾ ਫੁੂਲ (ਗੁਰਵਿੰਦਰ ਸਿੰਘ): ਸੰਵਿਧਾਨ ਵਿਰੁੱਧ ਵਰਤੇ ਗਏ ਅਪਸ਼ਬਦਾਂ ਖ਼ਿਲਾਫ਼ ਬਸਪਾ ਵੱਲੋਂ ਅੱਜ ਉਪ ਮੈਜਿਸਟਰੇਟ ਕਚਹਿਰੀਆਂ ਸਾਹਮਣੇ ਆਪ ਦੀ ਸੀਨੀਅਰ ਆਗੂ ਗਗਨ ਅਨਮੋਲ ਮਾਨ ਦਾ ਪੁਤਲਾ ਸਾੜਿਆ ਗਿਆ। ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਧੀਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦਾ ਸੰਵਿਧਾਨ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ।