ਸ਼ਗਨ ਕਟਾਰੀਆ
ਬਠਿੰਡਾ, 9 ਫਰਵਰੀ
ਬਠਿੰਡਾ (ਸ਼ਹਿਰੀ) ਹਲਕੇ ਤੋਂ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਵੱਲੋਂ ਅੱਜ ਸ਼ਹਿਰ ਦੀ ਅਜੀਤ ਰੋਡ, ਪਾਵਰ ਹਾਊਸ ਰੋਡ, ਜਨਤਾ ਨਗਰ, ਸਿਰਕੀ ਬਾਜ਼ਾਰ, ਪਰਸ ਰਾਮ ਨਗਰ ਆਦਿ ਖੇਤਰਾਂ ਵਿੱਚ ਭਰਵੀਆਂ ਨੁੱਕੜ ਮੀਟਿੰਗਾਂ ਕਰਕੇ ਜਿੱਥੇ ਵਿਰੋਧੀਆਂ ਦੀਆਂ ਨੀਤੀਆਂ ’ਤੇ ਉਂਗਲ ਚੁੱਕੀ, ਉਥੇ ਵੋਟਰਾਂ ਤੋਂ ਹਮਾਇਤ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜ ਸਾਲ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦਿੰਦੇ ਰਹਿ ਗਏ, ਜਦ ਕਿ ਬਠਿੰਡਾ ਸ਼ਹਿਰ ਨੂੰ ਉਮੀਦ ਸੀ ਕਿ ਖਜ਼ਾਨਾ ਮੰਤਰੀ ਦਾ ਸ਼ਹਿਰ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਤੇ ਅਕਾਲੀ ਦਲ ਨੂੰ ਸਰਕਾਰਾਂ ਚਲਾਉਣ ਦੇ ਕਈ ਮੌਕੇ ਦੇ ਚੁੱਕੇ ਹਨ ਪਰ ਇਸ ਵਾਰ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ ਜਾ ਰਹੇ ਹਨ। ਇਸੇ ਦੌਰਾਨ ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਜਥੇਬੰਦੀ ਵੱਲੋਂ ਅੱਜ ਜਗਰੂਪ ਸਿੰਘ ਗਿੱਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।
ਲੋਕਾਂ ਲਈ ਸਹੂਲਤਾਂ ਅਤੇ ਖ਼ਜ਼ਾਨੇ ਦੀ ਮਜ਼ਬੂਤੀ ਲਈ ਕੀਤੇ ਕੰਮ: ਮਨਪ੍ਰੀਤ ਬਾਦਲ
ਬਠਿੰਡਾ (ਸ਼ਹਿਰੀ) ਸੀਟ ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਤੇਲੀਆਂ ਵਾਲਾ ਮੁਹੱਲਾ, ਗੋਪਾਲ ਨਗਰ, ਬੀਰ ਰੋਡ, ਬਸੰਤ ਵਿਹਾਰ, ਸੁਰਖ਼ਪੀਰ ਰੋਡ, ਪਰਸਰਾਮ ਨਗਰ, ਮਿੰਨੀ ਸੈਕਟਰੀਏਟ ਰੋਡ, ਹਰਬੰਸ ਨਗਰ, ਪਾਵਰ ਹਾਊਸ ਰੋਡ ਆਦਿ ਥਾਵਾਂ ’ਤੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਵੱਲੋਂ ਪੰਜ ਸਾਲ ਲਈ ਦਿੱਤੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਂਦਿਆਂ ਜਿੱਥੇ ਪੰਜਾਬ ਦੇ ਖ਼ਜ਼ਾਨੇ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ, ਉੱਥੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰਾ ਖਿਆਲ ਵੀ ਰੱਖਿਆ ਤਾਂ ਜੋ ਮੁਲਾਜ਼ਮਾਂ ਨੂੰ ਤਨਖਾਹ, ਪੈਨਸ਼ਨਰਾਂ ਨੂੰ ਪੈਨਸ਼ਨ ਅਤੇ ਪੰਜਾਬ ਵਾਸੀਆਂ ਨੂੰ ਸਹੂਲਤਾਂ ਮੁਹੱਈਆ ਹੋ ਸਕਣ।