ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 26 ਜੂਨ
ਇੱਥੋਂ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਚੇਅਰਮੈਨ ਬੋਰਡ ਆਫ਼ ਗਵਰਨਰ-ਕਮ-ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਰਾਹੁਲ ਭੰਡਾਰੀ ਨੇ ਅਕਾਦਮਿਕ ਸੈਸ਼ਨ 2022-23 ਲਈ ਯੂਨੀਵਰਸਿਟੀ ਦਾ ਦਾਖ਼ਲਾ ਪੋਰਟਲ ਲਾਂਚ ਕੀਤਾ। ਇਸ ਮੌਕੇ ਆਨਲਾਈਨ ਸਮਾਗਮ ’ਚ ਸ਼ਾਮਲ ਹੋਏ ਸ੍ਰੀ ਭੰਡਾਰੀ ਨੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਐਮਆਰਐਸਪੀਟੀਯੂ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼ ਬਠਿੰਡਾ) ਦੀ ਮਦਦ ਨਾਲ ਉਭਰ ਰਹੀਆਂ ਤਕਨਾਲੋਜੀਆਂ ਵਿੱਚ ਲੋੜ ਆਧਾਰਤ ਹੁਨਰ ਕੋਰਸ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਮੁੱਲ-ਆਧਾਰਤ ਸਿੱਖਿਆ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ’ਵਰਸਿਟੀ ਆਪਣੇ ਮੁੱਖ ਕੈਂਪਸ, ਬਠਿੰਡਾ, ਬਰਨਾਲਾ, ਫ਼ਰੀਦਕੋਟ, ਫ਼ਤਹਿਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਮਾਲੇਰਕੋਟਲਾ ਅਤੇ ਮੁਕਤਸਰ ਸਮੇਤ ਪੰਜਾਬ ਦੇ ਬਾਰਾਂ ਜ਼ਿਲ੍ਹਿਆਂ ਵਿੱਚ ਕਾਲਜਾਂ ਰਾਹੀਂ ਮਿਆਰੀ ਤਕਨੀਕੀ ਸਿੱਖਿਆ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. (ਡਾ.) ਬੂਟਾ ਸਿੰਘ ਸਿੱਧੂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਪੰਜਾਬ ਦੀ ਮਾਲਵਾ ਪੱਟੀ ਵਿੱਚ ਪੰਜ ਸੰਵਿਧਾਨਕ ਕੈਂਪਸ ਅਤੇ 50 ਤੋਂ ਵੱਧ ਐਫੀਲੀਏਟਿਡ ਕਾਲਜ ਹਨ।