ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 30 ਜਨਵਰੀ
‘ਆਪ’ ਆਗੂ ਅਤੇ ਤਰਜ਼ਮਾਨ ਨੀਲ ਗਰਗ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਨਾਮਜ਼ਦਗੀ ਸਮੇਂ ਪੇਸ਼ ਕੀਤੀ ਆਪਣੀ ਜਾਇਦਾਦ ਦੇ ਅੰਕੜਿਆਂ ’ਤੇ ਸੁਆਲ ਖੜ੍ਹੇ ਕਰਦਿਆਂ ਵਿਅੰਗ ਕੀਤਾ ਹੈ ਕਿ ਪੰਜਾਬ ਸਰਕਾਰ ਦਾ ਖ਼ਜ਼ਾਨਾ ਲਗਾਤਾਰ ਖਾਲੀ ਹੋ ਰਿਹਾ ਹੈ ਪਰ ਮੰਤਰੀਆਂ ਦੀ ਕਮਾਈ ਦੁੱਗਣੀ ਹੋ ਰਹੀ ਹੈ। ਉਨ੍ਹਾਂ ਸ੍ਰੀ ਬਾਦਲ ਨੂੰ ਅਪੀਲ ਕੀਤੀ ਕਿ ਉਨ੍ਹਾਂ ਕੋਲ ਅਜਿਹੀ ਕਿਹੜੀ ‘ਗਿੱਦੜਸਿੰਗੀ’ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਦੀ ਕਮਾਈ ਦੁੱਗਣੀ ਹੋ ਗਈ? ਉਹ ਇਸ ਬਾਰੇ ਲੋਕਾਂ ਨੂੰ ਵੀ ਦੱਸਣ ਤਾਂ ਕਿ ਉਨ੍ਹਾਂ ਦਾ ਵੀ ਭਲਾ ਹੋ ਸਕੇ। ਜ਼ਿਕਰਯੋਗ ਹੈ ਕਿ 29 ਜਨਵਰੀ ਨੂੰ ਸ੍ਰੀ ਬਾਦਲ ਵੱਲੋਂ ਦਾਖ਼ਲ ਕੀਤੇ ਨਾਮਜ਼ਦਗੀ ਕਾਗਜਾਂ ਤੋਂ ਸਾਹਮਣੇ ਆਇਆ ਕਿ 2017 ਦੇ ਮੁਕਾਬਲੇ 2022 ਵਿੱਚ ਉਨ੍ਹਾਂ ਦੀ ਸੰਪਤੀ ਵਿੱਚ ਦੋ-ਗੁਣਾ ਵਾਧਾ ਹੋਇਆ ਹੈ।
ਨੀਲ ਗਰਗ ਨੇ ਦੋਸ਼ ਲਾਇਆ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟ-ਖਸੁੱਟ ਅਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ। ਸਰਕਾਰ ਦੇ ਮੰਤਰੀਆਂ ਦੇ ਖ਼ਜ਼ਾਨੇ ਦੀ ਕਮਾਈ ਅਮਰਵੇਲ ਵਾਂਗ ਵਧਦੀ ਰਹੀ ਅਤੇ ਸਰਕਾਰੀ ਖਜ਼ਾਨੇ ਚਟਮ ਹੁੰਦੇ ਰਹੇ। ਸਰਕਾਰ ਵਿੱਚ ਰਹਿੰਦਿਆਂ ਇਨ੍ਹਾਂ ਪਾਰਟੀਆਂ ਦੇ ਮੰਤਰੀਆਂ ਦੇ ਆਲ੍ਹੀਸ਼ਾਨ ਬੰਗਲੇ, ਕਾਰਾਂ ਅਤੇ ਜਾਇਦਾਦਾਂ ਬਣ ਗਈਆਂ ਪਰ ਸੂਬੇ ਦੇ ਲੋਕਾਂ ਲਈ ਇਨ੍ਹਾਂ ਨੇ ਪੰਜ ਪੈਸੇ ਦਾ ਵੀ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਦੀ ਭਲਾਈ ਲਈ ਸਰਕਾਰ ਦਾ ਖ਼ਜ਼ਾਨਾ ਖਾਲੀ ਦੱਸ ਕੇ ਡੰਗ ਟਪਾਉਣ ਵਾਲੇ ਆਗੂਆਂ ਦੀ ਕਾਰਗੁਜ਼ਾਰੀ ਤੋਂ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਨਾਲ ਵਾਕਿਫ਼ ਹੋ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਇੱਕ ਬਦਲ ਵਜੋਂ ਵੇਖ ਰਹੀ ਹੈ।