ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 28 ਜੁਲਾਈ
ਆਮ ਆਦਮੀ ਪਾਰਟੀ ਵੱਲੋਂ ਅੱਜ ਇੱਥੇ ਜ਼ਿਲ੍ਹਾ ਮੁਕਾਮੀ ਦਫ਼ਤਰ ਖੋਲ੍ਹਿਆ ਗਿਆ। ਪਾਰਟੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਦਫ਼ਤਰ ਦੀ ਕਾਇਮੀ ਨਾਲ ਸਰਕਾਰ ਅਤੇ ਜ਼ਿਲ੍ਹੇ ਦੇ ਲੋਕਾਂ ਦਰਮਿਆਨ ਸੰਪਰਕ ਵਧੇਗਾ, ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸਰਕਾਰ ਦੀਆਂ ਨੀਤੀਆਂ ਦਾ ਆਪਸੀ ਅਦਾਨ-ਪ੍ਰਦਾਨ ਸੁਖ਼ਾਲੇ ਰੂਪ ਵਿੱਚ ਹੋਵੇਗਾ। ਦਫ਼ਤਰ ਦੇ ਉਦਘਾਟਨ ਲਈ ਪਹੁੰਚੇ ‘ਆਪ’ ਦੇ ਸੂਬਾ ਸਕੱਤਰ ਸ਼ਮਿੰਦਰ ਸਿੰਘ ਖਿੰਡਾ ਨੇ ਇਸ ਰਸਮ ਲਈ ਲੋਕ ਸਭਾ ਇੰਚਾਰਜ ਰਾਕੇਸ਼ ਪੁਰੀ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਅਗਰਵਾਲ ਅਤੇ ਗੁਰਜੰਟ ਸਿੰਘ ਸਿਵੀਆਂ ਦਾ ਵੀ ਸਾਥ ਆਪਣੇ ਨਾਲ ਲਿਆ। ਬਠਿੰਡਾ (ਸ਼ਹਿਰੀ) ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਹਲਕਾ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ, ਸੂਬਾ ਜੁਆਇੰਟ ਸਕੱਤਰ ਨੀਲ ਗਰਗ, ਸੂਬਾ ਪ੍ਰਧਾਨ ਮਹਿਲਾ ਵਿੰਗ ਬਲਜਿੰਦਰ ਕੌਰ, ਟ੍ਰੇਡ ਵਿੰਗ ਦੇ ਸੂਬਾਈ ਮੀਤ ਪ੍ਰਧਾਨ ਅਨਿਲ ਠਾਕੁਰ ਅਤੇ ਲੀਗਲ ਵਿੰਗ ਦੇ ਸੂਬਾ ਸਹਿ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੂੰ ਵੀ ਰਸਮ ਮੌਕੇ ਉਚੇਚੀ ਪ੍ਰਤੀਨਿਧਤਾ ਦਿੱਤੀ ਗਈ। ਸ੍ਰੀ ਖਿੰਡਾ ਨੇ ਮੀਡੀਆ ਨੂੰ ਦੱਸਿਆ ਕਿ ਅਜਿਹੇ ਦਫ਼ਤਰਾਂ ਰਾਹੀਂ ਪਾਰਟੀ ਨੂੰ ਮਜ਼ਬੂਤੀ ਮਿਲੇਗੀ।
‘ਆਪ’ ਨੇ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਜ਼ਿਲ੍ਹਾ ਦਫ਼ਤਰ ਖੋਲ੍ਹਿਆ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ‘ਆਮ ਆਦਮੀ ਪਾਰਟੀ’ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਫੌਰੀ ਹੱਲ ਲਈ ਇਥੋਂ ਦੇ ਕੋਟਕਪੂਰਾ-ਬਠਿੰਡਾ ਬਾਈਪਾਸ ਉਪਰ ਮਿੱਡ ਵੇਅ ਰੈਸਟੋਰੈਂਟ ਦੇ ਸਾਹਮਣੇ ਆਪਣਾ ਦਫਤਰ ਸਥਾਪਤ ਕੀਤਾ ਗਿਆ ਹੈ| ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਮ, ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਗਿੱਦੜਬਾਹਾ ਦੇ ਹਲਕਾ ਇੰਚਾਰਜ ਐਡਵੋਕੇਟ ਪ੍ਰਿਤਪਾਲ ਸ਼ਰਮਾ ਅਤੇ ਬੀਸੀ ਵਿੰਗ ਦੇ ਸੂਬਾਈ ਆਗੂ ਵਰਿੰਦਰ ਢੋਸੀਵਾਲ ਮੌਜੂਦ ਸਨ | ਸ੍ਰੀ ਬਾਮ ਨੇ ਦੱਸਿਆ ਕਿ ਦਫਤਰ ਵਿੱਚ ਕੋਈ ਵੀ ਨਾਗਰਿਕ ਕਿਸੇ ਵੀ ਸਮੇਂ ਪਹੁੰਚ ਸਕਦਾ ਹੈ| ਉਸ ਦੀ ਹਰ ਸਮੱਸਿਆ ਦਾ ਸੰਭਵ ਹੱਲ ਕੀਤਾ ਜਾਵੇਗਾ|