ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 9 ਅਕਤੂਬਰ
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਅੱਜ ਇੱਥੇ ਸੌ ਫੁੱਟੀ ਸੜਕ ਨੇੜੇ ਪਾਵਰ ਹਾਊਸ ਰੋਡ ’ਤੇ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਰਸਮੀ ਆਗ਼ਾਜ਼ ਸਮੇਂ ਪਾਰਟੀ ਦੀ ਸੀਨੀਅਰ ਮੁਕਾਮੀ ਲੀਡਰਸ਼ਿਪ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰੀਆਂ ਦੀ ਮੌਜੂਦਗੀ ਵਿਰੋਧੀਆਂ ਨੂੰ ‘ਧੁੜਧੁੜੀ’ ਲਾ ਗਈ।
ਗ਼ੌਰਤਲਬ ਹੈ ਕਿ ਜਗਰੂਪ ਸਿੰਘ ਗਿੱਲ ਕਾਂਗਰਸ ਦੇ ਸਾਬਕਾ ਕੱਦਾਵਰ ਆਗੂ ਸਨ। ਨਗਰ ਨਿਗਮ ਚੋਣਾਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਪੈਦਾ ਹੋਈ ‘ਖ਼ਟਾਸ’ ਸਦਕਾ ਉਹ ਕੁਝ ਅਰਸਾ ਪਹਿਲਾਂ ‘ਆਪ’ ਵਿੱਚ ਸ਼ਾਮਿਲ ਹੋ ਗਏ। ‘ਆਪ’ ਦੀ ਲੀਡਰਸ਼ਿਪ ਨੇ ਚੋਖਾ ਲੋਕ-ਆਧਾਰ ਅਤੇ ਕਾਬਲੀਅਤ ਨੂੰ ਦੇਖਦਿਆਂ ਪੈਂਦੀ ਸੱਟੇ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨਿਆ ਹੈ ਜਦ ਕਿ ਮਨਪ੍ਰੀਤ ਸਿੰਘ ਬਾਦਲ ਦੇ ਮੁੜ ਇਸੇ ਹਲਕੇ ਤੋਂ ਚੋਣ ਲੜਨ ਦੀ ਪੂਰੀ ਸੰਭਾਵਨਾ ਹੈ। ਦੋ ਮਹਾ-ਰਥੀਆਂ ਨਾਲ ਸਿੰਙ ਫ਼ਸਣ ਦੇ ਪਰਪੱਕ ਆਸਾਰ ਵੇਖਦਿਆਂ, ਸ੍ਰੀ ਗਿੱਲ ਨੇ ਔਖੀ ਘਾਟੀ ਦੇ ਮੁਸ਼ਕਿਲ ਪੈਂਡੇ ਨੂੰ ਅਗੇਤ ’ਚ ਹੀ ਨਾਪਣ ਲਈ ਪੈੜੇ ਵੱਟ ਲਏ ਹਨ। ਦਫ਼ਤਰ ਦਾ ਸ਼ੁਭ ਆਰੰਭ ਡੇਰਾ ਟੱਪ ਵਾਲੇ ਤੋਂ ਸੰਤ ਸਰੂਪਾ ਨੰਦ ਮੰਤਰਾਂ ਦੇ ਉਚਾਰਣ ਨਾਲ ਕੀਤਾ। ਸ੍ਰੀ ਗਿੱਲ ਨੇ ਚੋਣ ਬਿਗਲ ਵਜਾਉਂਦਿਆਂ ਵਰਕਰਾਂ ਨੂੰ ਪਾਰਟੀ ਦੀ ਸਫ਼ਲਤਾ ਲਈ ਹੁਣ ਤੋਂ ਹੀ ਸੰਜੀਦਾ ਯਤਨ ਸ਼ੁਰੂ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਅੰਮ੍ਰਿਤ ਅਗਰਵਾਲ, ਲੋਕ ਸਭਾ ਇੰਚਰਾਜ ਰਾਕੇਸ਼ ਪੁਰੀ, ਮੀਡੀਆ ਇੰਚਾਰਜ ਬਲਕਾਰ ਸਿੰਘ ਭੋਖੜਾ, ਬਲਦੇਵ ਸਿੰਘ, ਮਹਿੰਦਰ ਸਿੰਘ ਫੁੱਲੋ ਮਿੱਠੀ, ਰਾਜਨ ਅਮਰਦੀਪ ਸਿੰਘ, ਵਿਨੋਦ ਗਰਗ, ਜਤਿੰਦਰ ਸਿੰਘ ਭੱਲਾ, ਬਲਜਿੰਦਰ ਸਿੰਘ ਬਰਾੜ, ਬਲਜੀਤ ਬੱਲੀ, ਆਲਮਜੀਤ ਸਿੰਘ, ਪਰਮਜੀਤ ਕੌਰ, ਰਣਜੀਤ ਕੌਰ, ਅਚਲਾ ਸ਼ਰਮਾ, ਅਲਕਾ ਹਾਂਡਾ, ਅਮਰਪਾਲ ਕੌਰ ਆਦਿ ਹਾਜ਼ਰ ਰਹੇ।