ਪੱਤਰ ਪ੍ਰੇਰਕ
ਬਠਿੰਡਾ, 18 ਸਤੰਬਰ
ਕਰੋਨਾ ਮਹਾਮਾਰੀ ’ਤੇ ਕਾਬੂ ਪਾਉਣ ’ਚ ਬੁਰੀ ਤਰ੍ਹਾਂ ਫੇਲ੍ਹ ਹੋਈ ਪੰਜਾਬ ਸਰਕਾਰ ਦੇ ਸਹਿਯੋਗ ਅਤੇ ਲੋਕਾਂ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ (ਆਪ) ਨੇ ਸ਼ੁਰੂ ਕੀਤੀ ਆਕਸੀਜਨ ਮੁਹਿੰਮ ਦਾ ਅੱਜ (ਸ਼ੁੱਕਰਵਾਰ) ਨੂੰ ਬਠਿੰਡਾ ਜ਼ਿਲ੍ਹੇ ਦੇ ਸਥਾਨਕ ਧੋਬੀ ਬਾਜ਼ਾਰ ਤੋਂ ਅਮਲੀ ਰੂਪ ’ਚ ਆਗਾਜ਼ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਦੁਕਾਨ-ਦਰ-ਦੁਕਾਨ ਜਾ ਕੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਪੂਰੀ ਸਾਵਧਾਨੀ ਨਾਲ ਆਕਸੀਜਨ ਦੇ ਪੱਧਰ ਦੀ ਜਾਂਚ ਕੀਤੀ ਅਤੇ ਕਰੋਨਾ ਤੋਂ ਬਚਾਅ ਲਈ ਆਕਸੀਜਨ ਦੇ ਪੱਧਰ ਦੀ ਅਹਿਮੀਅਤ ਸਮਝਾਈ ਨਾਲ-ਨਾਲ ਕਰੋਨਾ ਤੋਂ ਬਚਾਅ ਲਈ ਜਾਗਰੂਕਤਾ ਪੈਦਾ ਕਰਨ ਵਾਲੀ ਸਮੱਗਰੀ ਵੰਡੀ। ਪ੍ਰੋ. ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਨੇ ਬੇਕਾਬੂ ਹੋਈ ਕਰੋਨਾ ਮਹਾਮਾਰੀ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਜੇਕਰ ਅਮਰਿੰਦਰ ਸਰਕਾਰ ਸਮੇਤ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ-ਡਿਸਪੈਂਸਰੀਆਂ ਨੂੰ ਹੋਰ ਬਿਹਤਰ ਬਣਾਉਣ ਦੀ ਥਾਂ ਬਰਬਾਦ ਕਰਕੇ ਪ੍ਰਾਈਵੇਟ ਹੈਲਥ ਮਾਫੀਆ ਪੈਦਾ ਨਾ ਕੀਤਾ ਹੁੰਦਾ ਤਾਂ ਅੱਜ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ ’ਚ ਯਕੀਨ ਵੀ ਰਹਿੰਦਾ ਅਤੇ ਕਰੋਨਾ ਨਾਲ ਐਨੀ ਵੱਡੀ ਗਿਣਤੀ ’ਚ ਮੌਤਾਂ ਨਾ ਹੁੰਦੀਆਂ। ‘ਆਪ’ ਆਗੂ ਨੇ ਦੱਸਿਆ ਕਿ ਮੌਤ ਦੀ 2.9 ਦਰ ਨਾਲ ਪੰਜਾਬ ਦੀ ਹਾਲਤ ਸਾਰੇ ਦੇਸ਼ ਨਾਲੋਂ ਮਾੜੀ ਹੈ।
ਰੁਪਿੰਦਰ ਕੌਰ ਰੂਬੀ ਨੇ ਦਿੱਲੀ ਅਤੇ ਪੰਜਾਬ ਦੀ ਤੁਲਨਾ ਕਰਦਿਆਂ ਦੱਸਿਆ ਕਿ ਜਿੱਥੇ ਦਿੱਲੀ ’ਚ ਸਰਕਾਰੀ ਸਿਹਤ ਸੇਵਾਵਾਂ ਲਈ ਕੁੱਲ ਬਜਟ ਦਾ 14 ਫੀਸਦੀ ਖਰਚ ਕੀਤਾ ਜਾਂਦਾ ਹੈ, ਉੱਥੇ ਪੰਜਾਬ ’ਚ ਇਹ 4 ਪ੍ਰਤੀਸ਼ਤ ਘੱਟ ਹੈ। ‘ਆਪ’ ਆਗੂਆਂ ਨੇ ਮੁੱਖ ਮੰਤਰੀ ਨੂੰ ਫਾਰਮ ਹਾਊਸ ਤੋਂ ਨਿਕਲ ਕੇ ਲੋਕਾਂ ਦਾ ਹਾਲ ਅੱਖੀ ਡਿੱਠਣ ਅਤੇ ਲੋਕਾਂ ’ਚ ਸਰਕਾਰੀ ਹਸਪਤਾਲਾਂ ਪ੍ਰਤੀ ਭਰੋਸਾ ਪੈਦਾ ਕਰਨ ਲਈ ਸਰਕਾਰੀ ਸਿਹਤ ਖੇਤਰ ’ਚ ਜੰਗੀ ਪੱਧਰ ’ਤੇ ਨਿਵੇਸ਼ ਕਰਨ ਦੀ ਮੰਗ ਕੀਤੀ।