ਸ਼ਗਨ ਕਟਾਰੀਆ
ਬਠਿੰਡਾ, 10 ਦਸੰਬਰ
ਕੇਂਦਰੀ ਰਾਜ ਮੰਤਰੀ ਰਾਓ ਸਾਹਿਬ ਦਾਨਵੇ ਵੱਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਕਥਿਤ ਪਾਕਿਸਤਾਨੀ ਅਤੇ ਚੀਨੀ ਏਜੰਟ ਕਹਿਣ ’ਤੇ ‘ਆਪ’ ਨੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।
ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਭਾਜਪਾ ਦਾ ਮੁੱਢ ਤੋਂ ਹੀ ਇਹ ਏਜੰਡਾ ਰਿਹਾ ਹੈ ਕਿ ਜੋ ਲੋਕ ਆਪਣਾ ਹੱਕ ਮੰਗਦੇ ਹਨ, ਉਨ੍ਹਾਂ ਨੂੰ ਚੀਨੀ ਜਾਂ ਪਾਕਿਸਤਾਨੀ ਕਹਿ ਕੇ ਬਦਨਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਅੱਖਾਂ ਖੋਲ੍ਹ ਕੇ ਦੇਖੇ ਕਿ ਦਿੱਲੀ ਦੀ ਸਰਹੱਦ ’ਤੇ ਉਹ ਕਿਸਾਨ ਬੈਠੇ ਹਨ ਜਿਨ੍ਹਾਂ ਦੇ ਧੀਆਂ ਪੁੱਤ ਚੀਨ ਅਤੇ ਪਾਕਿਸਤਾਨ ਦੀ ਸਰਹੱਦ ’ਤੇ ਦੇਸ਼ ਦੀ ਰਾਖੀ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਕਿਸੇ ਧਰਮ, ਫਿਰਕੇ, ਵਰਗ ਜਾਂ ਖੇਤਰ ਨਾਲ ਸਬੰਧਤ ਨਹੀਂ ਹੈ ਸਗੋਂ ਸਾਰੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਟਰਾਂਸਪੋਰਟਰਾਂ ਸਣੇ ਖੇਤੀਬਾੜੀ ਨਾਲ ਜੁੜੇ ਤਮਾਮ ਵਪਾਰੀਆਂ, ਕਾਰੋਬਾਰੀਆਂ ਦਾ ਇਕਜੁਟ ਅਤੇ ਫ਼ੈਸਲਾਕੁੰਨ ਸੰਘਰਸ਼ ਹੈ, ਜੋ ਕਿ ਆਪਣੀ ਹੋਂਦ ਨੂੰ ਬਚਾਈ ਰੱਖਣ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਨੂੰ ਬਿਨਾਂ ਕਿਸੇ ਸਿੱਟੇ ’ਤੇ ਪਹੁੰਚਣ ਤੋਂ ਪਹਿਲਾਂ ਖਤਮ ਕਰਨ ਦੇ ਇਰਾਦਿਆਂ ਨਾਲ ਭਾਜਪਾ ਅਤੇ ਕਾਂਗਰਸ ਇਸ ਨੂੰ ਫਿਰਕੂ ਰੰਗਤ ਦੇਣ ਦੀਆਂ ਕੋਸ਼ਿਸ਼ ਕਰ ਰਹੀਆਂ ਹਨ। ਸ੍ਰੀ ਗਰਗ ਨੇ ਕਿਹਾ ਕਿ ਭਾਜਪਾ ਦੀ ਸੋਚ ਹੈ ਕਿ ਕਿਸਾਨਾਂ ਨੂੰ ਜਾਤੀ, ਧਰਮ, ਖੇਤਰਵਾਦ ਵਿਚ ਵੰਡਿਆ ਜਾ ਸਕੇ ਅਤੇ ਲੋਕਾਂ ਤੋਂ ਮਿਲ ਰਿਹਾ ਸਮਰਥਨ ਬੰਦ ਹੋ ਜਾਵੇ।