ਸ਼ਗਨ ਕਟਾਰੀਆ
ਬਠਿੰਡਾ, 9 ਸਤੰਬਰ
ਸ਼ਹਿਰ ’ਚ ਅਮਨ-ਕਾਨੂੰਨ ਦੀ ਕਥਿਤ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਅੱਜ ਆਮ ਆਦਮੀ ਪਾਰਟੀ ਦੇ ਟ੍ਰੇਡ ਵਿੰਗ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਅਤੇ ਵਾਈਸ ਜ਼ਿਲ੍ਹਾ ਪ੍ਰਧਾਨ ਬੰਟੀ ਸਿਵੀਆਂ ਦੀ ਅਗਵਾਈ ਵਿੱਚ ਐੱਸਐੱਸਪੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਟ੍ਰੇਡ ਵਿੰਗ ਦੇ ਸੂਬਾਈ ਕੋ-ਪ੍ਰਧਾਨ ਅਨਿਲ ਠਾਕੁਰ ਵੀ ਹਾਜ਼ਰ ਰਹੇ। ਆਗੂਆਂ ਨੇ ਦੋਸ਼ ਲਾਇਆ ਕਿ ਸ਼ਹਿਰ ਵਿੱਚ ਲਾ-ਕਾਨੂੰਨੀ ਕਾਰਨ ਵਪਾਰੀ ਵਰਗ ਬਹੁਤ ਪ੍ਰੇਸ਼ਾਨ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਕਰੋਨਾ ਕਾਰਨ ਵਪਾਰ ਮੰਦੇ ’ਚ ਚਲੇ ਗਏ ਅਤੇ ਹੁਣ ਸ਼ਹਿਰ ਅੰਦਰ ਲਗਾਤਾਰ ਆਏ ਦਿਨ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁੰਡਾ ਅਨਸਰਾਂ ਵੱਲੋਂ ਵਪਾਰੀਆਂ ਨੂੰ ਧਮਕਾ ਕੇ ਫਿਰੌਤੀ ਮੰਗੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਇੱਕ ਵਪਾਰੀ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਹਮਲਵਾਰਾਂ ਵੱਲੋਂ ਫਿਰੌਤੀ ਦੀ ਮੰਗ ਕੀਤੀ ਗਈ ਪਰ ਪੁਲੀਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰੀਆਂ ਅਤੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁੰਡਾ ਅਨਸਰਾਂ ’ਤੇ ਨੱਥ ਪਾਈ ਜਾਵੇ ਤਾਂ ਕਿ ਸ਼ਹਿਰ ਅੰਦਰ ਅਮਨ-ਕਾਨੂੰਨ ਦਾ ਮਾਹੌਲ ਠੀਕ ਬਣਿਆ ਰਹੇ ਅਤੇ ਹਰ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ। ਇਸ ਮੌਕੇ ਬਠਿੰਡਾ (ਸ਼ਹਿਰੀ) ਦੇ ਡਿਪਟੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਅਗਰਵਾਲ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਦੀਪ ਰਾਜਨ, ਲਵਦੀਪ ਸ਼ਰਮਾ, ਗੁਲਾਬ ਚੰਦ, ਵਰਿੰਦਰ ਵਰਮਾ ਆਦਿ ਹਾਜ਼ਰ ਸਨ।