ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 10 ਅਕਤੂਬਰ
ਪੀਐਸਪੀਸੀਐਲ ਅਤੇ ਪੀਐਸਟੀਸੀਐਲ ਕੰਟਰੈਕਚੂਅਲ ਵਰਕਰ ਯੂਨੀਅਨ ਪੰਜਾਬ ਦੀ ਲੀਡਰਸ਼ਿਪ ਜ਼ਿਲ੍ਹੇ ਦੇ ਕਸਬੇ ਭਗਤਾ ਭਾਈ ਕਾ ਵਿੱਚ ਆਪਣੇ ਸਾਥੀ ਕਾਮਿਆਂ ਨੂੰ ਨੌਕਰੀਓਂ ‘ਕੱਢੇ’ ਜਾਣ ਤੋਂ ਖ਼ਫ਼ਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਹ ਸਭ ਸੱਤਾਧਾਰੀ ਪਾਰਟੀ ਦੇ ਇਕ ਵਿਧਾਇਕ ਦੇ ‘ਇਸ਼ਾਰੇ’ ’ਤੇ ਕਰਕੇ ਉਨ੍ਹਾਂ ਦੀ ਥਾਂ ਵਿਧਾਇਕ ਦੇ ਬੰਦਿਆਂ ਨੂੰ ‘ਅਡਜਸਟ’ ਕੀਤਾ ਗਿਆ। ਯੂਨੀਅਨ ਦੇ ਕਨਵੀਨਰ ਗੁਰਵਿੰਦਰ ਸਿੰਘ ਪੰਨੂ, ਕਾਰਜਕਾਰੀ ਸਕੱਤਰ ਹਰਜੀਤ ਸਿੰਘ, ਜਸਵਿੰਦਰ ਸਿੰਘ, ਖੁਸ਼ਦੀਪ ਸਿੰਘ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਪਾਵਰਕੌਮ ਦੇ ਭਗਤਾ ਭਾਈ ਕਾ ਸਥਿਤ ਕੇਂਦਰੀ ਸਟੋਰ ਵਿੱਚ ਕਈ ਸਾਲਾਂ ਤੋਂ ਕਾਰਜਸ਼ੀਲ 7 ਠੇਕਾ ਕਾਮਿਆਂ ਦੀ ਛਾਂਟੀ ਕਰਕੇ ਵਿਧਾਇਕ ਨੇ ਆਪਣੇ ‘ਚਹੇਤਿਆਂ’ ਨੂੰ ‘ਫਿੱਟ’ ਕਰਵਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਵਧੀਕੀ ਖ਼ਿਲਾਫ਼ ਸਮੁੱਚੇ ਸਟੋਰ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਸਬੰਧ ’ਚ ਯੂਨੀਅਨ ਵੱਲੋਂ ਕੀਤੇ ਜਾ ਰਹੇ ਸੰਘਰਸ਼ ’ਚ ਸਰਗਰਮ ਸ਼ਮੂਲੀਅਤ ਕਰਨ ਲਈ 11 ਤੋਂ 13 ਅਕਤੂਬਰ ਤੱਕ ਤਾਲਮੇਲ ਕਰਕੇ ਪ੍ਰੇਰਿਆ ਜਾਵੇਗਾ। 14 ਅਕਤੂਬਰ ਨੂੰ ਇਸ ਸਬੰਧ ’ਚ ਉਪ ਮੰਡਲ ਪੱਧਰ ਦੇ ਅਧਿਕਾਰੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਧਰਨੇ ਵਿੱਚ ਪਾਵਰਕੌਮ ਵਿੱਚ ਕੰਮ ਕਰਦੀਆਂ ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ, ਕਿਸਾਨ, ਮਜ਼ਦੂਰ ਅਤੇ ਹੋਰ ਹਮ-ਖ਼ਿਆਲ ਸੰਗਠਨਾਂ ਨੇ ਸ਼ਾਮਲ ਹੋਣ ਦੀ ਹਾਮੀ ਭਰੀ ਹੈ।