‘ਚਿੜੀਆ ਘਰ’ ਵਿੱਚ ਜੀਵ-ਜੰਤੂਆਂ ਲਈ ਪਿਆ ਡਾਕਟਰ ਦਾ ਕਾਲ : The Tribune India

‘ਚਿੜੀਆ ਘਰ’ ਵਿੱਚ ਜੀਵ-ਜੰਤੂਆਂ ਲਈ ਪਿਆ ਡਾਕਟਰ ਦਾ ਕਾਲ

ਪੰਜਾਬ ਦੇ ਕਿਸੇ ਮਿਨੀ ਜ਼ੂ ਵਿੱਚ ਤਾਇਨਾਤ ਨਹੀਂ ਵੈਟਰਨਰੀ ਡਾਕਟਰ

‘ਚਿੜੀਆ ਘਰ’ ਵਿੱਚ ਜੀਵ-ਜੰਤੂਆਂ ਲਈ ਪਿਆ ਡਾਕਟਰ ਦਾ ਕਾਲ

ਬਠਿੰਡਾ ਦੇ ‘ਚਿੜੀਆ ਘਰ’ ਦੀ ਬਾਹਰੀ ਝਲਕ।

ਸ਼ਗਨ ਕਟਾਰੀਆ

ਬਠਿੰਡਾ, 7 ਦਸੰਬਰ

ਇੱਥੋਂ ਦੇ ‘ਚਿੜੀਆ ਘਰ’ ਵਿੱਚ ਜਾਨਵਰਾਂ ਤੇ ਪੰਛੀਆਂ ਦੇ ਇਲਾਜ ਲਈ ਇੱਕ ਵੀ ਡਾਕਟਰ ਨਹੀਂ ਹਾਲਾਂਕਿ ਇੱਥੇ ਅਪਰੇਸ਼ਨ ਥੀਏਟਰ ਦੀ ਸਹੂਲਤ ਵਾਲਾ ਆਲੀਸ਼ਾਨ ਵੈਟਰਨਰੀ ਹਸਪਤਾਲ ਹੈ। ਚਾਰ ਦਹਾਕੇ ਪਹਿਲਾਂ ਬਣੇ ਇਸ ਚਿੜੀਆ ਘਰ ’ਚ ਹੁਣ ਤੱਕ ਕਦੇ ਵੀ ਡਾਕਟਰ ਦੀ ਤਾਇਨਾਤੀ ਨਹੀਂ ਹੋਈ। ਪੰਜਾਬ ਵਿੱਚ ਮਹਿਜ਼ ਛੱਤਬੀੜ ਚਿੜੀਆ ਘਰ ਵਿੱਚ ਹੀ ਡਾਕਟਰ ਦੀ ਪੱਕੀ ਤਾਇਨਾਤੀ ਹੈ। ਇਸ ਤੋਂ ਇਲਾਵਾ ਕਿਸੇ ਵੀ ਮਿਨੀ ਜ਼ੂ ਵਿਚ ਵੈਟਰਨਰੀ ਡਾਕਟਰ ਨਹੀਂ ਹੈ। ‘ਮਿਨੀ ਜ਼ੂ-ਕਮ ਡੀਅਰ ਸਫ਼ਾਰੀ ਬੀੜ ਤਲਾਬ ਬਠਿੰਡਾ’ ਮਾਲਵੇ ਦਾ ਵਿਲੱਖਣ ਅਜੂਬਾ ਹੈ। ਇੱਥੇ ਸੈਂਕੜੇ ਲੋਕ ਕੁਦਰਤ ਨੂੰ ਨੇੜਿਓਂ ਤੱਕਣ ਲਈ ਰੋਜ਼ਾਨਾ ਆਉਂਦੇ ਹਨ। ਚਿੜੀਆ ਘਰ ਦੀ ਸ਼ੁਰੂਆਤ 1978 ਵਿੱਚ ਰੈੱਡ ਕਰਾਸ ਸੁਸਾਇਟੀ ਨੇ ਕੀਤੀ। ਉਦੋਂ ਇੱਥੇ ਪਾਰਕ ’ਚ ਕਰੀਬ ਅੱਧੀ ਦਰਜਨ ਪਿੰਜਰਿਆਂ ਵਿੱਚ ਪੰਛੀ ਸਨ। ਸਾਲ 1982 ’ਚ ਵਣ ਵਿਭਾਗ ਨੇ ਇਸ ਨੂੰ ਆਪਣੇ ਅਧੀਨ ਕਰਕੇ ਵਿਸਤਾਰ ਸ਼ੁਰੂ ਕੀਤਾ ਅਤੇ ਨਾਲ ਲੱਗਦੇ ਬੀੜ ਵਿੱਚ ਮਿਲਾ ਕੇ 160 ਏਕੜ ਤੱਕ ਵਸੀਹ ਬਣਾ ਦਿੱਤਾ। ਅਗਲੇ ਹਿੱਸੇ ’ਚ ਚਿੜੀਆ ਘਰ ਅਤੇ ਪਿਛਲੇ ਪਾਸੇ ਸਫ਼ਾਰੀ ਬਣਾਈ ਗਈ। ਇਥੇ ਲੋਕ ਕਰੀਬ ਛੇ ਸੌ ਦੇ ਕਰੀਬ ਜਾਨਵਰਾਂ ਅਤੇ ਪੰਛੀਆਂ ਤੋਂ ਇਲਾਵਾ ਰੁੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਥੇ ਕਾਲੇ ਹਿਰਨ, ਵਿਦੇਸ਼ੀ ਪ੍ਰਜਾਤੀ ਦੇ ਹਿਰਨ, ਬਾਰਾਂ ਸਿੰਗੇ, ਨੀਲ ਗਾਵਾਂ, ਮੋਰ, ਬਾਂਦਰ, ਤਿੱਤਰ, ਤੇਂਦੂਏ ਅਤੇ ਵੱਡੀਆਂ ਬਿੱਲੀਆਂ ਹਨ। ਇਥੇ ‘ਬਟਰ ਫਲਾਈ ਪਾਰਕ’ ਵੀ ਬਣਿਆ ਹੋਇਆ ਹੈ। ਪਰ ਇਥੇ ਜਾਨਵਰਾਂ ਤੇ ਪੰਛੀਆਂ ਦੇ ਇਲਾਜ ਲਈ ਕਿਸੇ ਵੈਟਰਨਰੀ ਡਾਕਟਰ ਦੀ ਤਾਇਨਾਤੀ ਨਹੀਂ ਹੋਈ। ਸੂਤਰਾਂ ਮੁਤਾਬਕ ਸਿਰਫ ਛੱਤਬੀੜ ਚਿੜੀਆ ਘਰ ’ਚ ਇੱਕ ਡਾਕਟਰ ਦੀ ਤਾਇਨਾਤੀ ਹੈ। ਮਿਨੀ ਜ਼ੂ, ਬੀੜ ਮੋਤੀ ਬਾਗ ਪਟਿਆਲਾ ਦੇ ਇੱਕ ਫਾਰਮਾਸਿਸਟ ਨੂੰ ਇਥੋਂ ਦਾ ਵਧੀਕ ਚਾਰਜ ਦਿੱਤਾ ਹੋਇਆ ਹੈ ਪਰ ਸੂਤਰਾਂ ਮੁਤਾਬਿਕ ਉਹ ਕਦੇ ਵੀ ਇੱਥੇ ਨਹੀਂ ਆਇਆ। ਉਂਜ ਵੀ ਇੰਨੇ ਲੰਮੇ ਫਾਸਲੇ ’ਤੇ ਦੋ ਥਾਈਂ ਡਿਊਟੀ ਕਰਨਾ ਔਖਾ ਕਾਰਜ ਹੈ। ਐਮਰਜੈਂਸੀ ’ਚ ਕਿਸੇ ਸਥਾਨਕ ਡਾਕਟਰ ਨੂੰ ਬੁਲਾਇਆ ਜਾਂਦਾ ਹੈ ਪਰ ਆਮ ਡਾਕਟਰਾਂ ਕੋਲ ਸਿਰਫ ਪਾਲਤੂ ਪਸ਼ੂਆਂ ਦੇ ਇਲਾਜ ਦਾ ਤਜਰਬਾ ਹੋਣ ਕਰਕੇ ਉਹ ਜਾਨਵਰਾਂ ਤੇ ਪੰਛੀਆਂ ਦਾ ਕਾਰਗਰ ਇਲਾਜ ਨਹੀਂ ਕਰ ਸਕਦੇ। ਤਤਕਾਲੀ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਠਿੰਡਾ ਫੇਰੀ ਮੌਕੇ ਚਿੜੀਆ ਘਰ ’ਚ ਵੈਟਰਨਰੀ ਡਾਕਟਰ ਦੀ ਤਾਇਨਾਤੀ ਬਾਰੇ ਐਲਾਨ ਕੀਤਾ ਸੀ ਪਰ ਚਾਰ ਸਾਲ ਬੀਤਣ ’ਤੇ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਆਈ। ਮਾਹਿਰਾਂ ਨੇ ਕਿਹਾ ਕਿ ਜੇ ਕਿਸੇ ਠੇਕਾ ਆਧਾਰਿਤ ਡਾਕਟਰ ਦੀ ਵੀ ਇਥੇ ਤਾਇਨਾਤੀ ਹੋ ਜਾਵੇ ਤਾਂ ਕੰਮ ਚੱਲ ਸਕਦਾ ਹੈ। ਚਿੜੀਆ ਘਰ ਦੀ ਸੰਭਾਲ ਲਈ ਕਰੀਬ ਤਿੰਨ ਦਰਜਨ ਡੇਲੀਵੇਜ਼ ਅਤੇ ਅੱਧੀ ਦਰਜਨ ਰੈਗੂਲਰ ਕਰਮਚਾਰੀ ਹਨ। ਭੂਗੋਲਿਕ ਅਤੇ ਜਾਨਵਰਾਂ ਦੀ ਗਿਣਤੀ ਦੇ ਪੱਖ ਤੋਂ ਇੰਨਾ ਅਮਲਾ ਨਾ-ਕਾਫ਼ੀ ਹੈ ਅਤੇ ਸੁਚੱਜੀ ਸੰਭਾਲ ਲਈ ਇੱਥੇ ਹੋਰ ਸਟਾਫ਼ ਦੀ ਜ਼ਰੂਰਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All