ਪੱਤਰ ਪ੍ਰੇਰਕ
ਬਠਿੰਡਾ, 5 ਅਕਤੂਬਰ
ਬਠਿੰਡਾ ਸ਼ਹਿਰ ਵਿੱਚ ਕਰੀਬ ਇਕ ਦਰਜਨ ਥਾਵਾਂ ’ਤੇ ਦਸਹਿਰੇ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਸ਼ਹਿਰ ਵਾਸੀਆਂ ਨੇ ਦਸਹਿਰਾ ਗਰਾਊਂਡ ਵਿੱਚ ਪੁੱਜ ਕੇ ਇਸ ਮੇਲੇ ਦਾ ਆਨੰਦ ਮਾਣਿਆ। ਪ੍ਰਮੁੱਖ ਸਥਾਨ ’ਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅੱਗ ਐੱਸਐੱਸਪੀ ਬਠਿੰਡਾ ਏਲੀਚੇਲਿਅਨ ਨੇ ਲਾਈ। ਇਸ ਮੌਕੇ ਡੀਆਈਜੀ (ਪਾਵਰਕੌਮ) ਜਤਿੰਦਰ ਜੈਨ ਤੇ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਆਦਿ ਹਾਜ਼ਰ ਸਨ। ਜ਼ਿਲ੍ਹੇ ’ਚ ਇਸ ਤਿਉਹਾਰ ਮੌਕੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਮਾਨਸਾ (ਪੱਤਰ ਪ੍ਰੇਰਕ): ਦਸਹਿਰੇ ਦਾ ਤਿਉਹਾਰ ਸਥਾਨਕ ਆਧੁਨਿਕ ਅਨਾਜ ਮੰਡੀ ’ਚ ਮਨਾਇਆ ਗਿਆ। ਦਸਹਿਰਾ ਮੇਲੇ ਵਿਚ ਲੋਕਾਂ ਦਾ ਰਿਕਾਰਡ ਤੋੜ ਇਕੱਠ ਜੁੜਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਐੱਸ.ਐੱਸ.ਪੀ ਗੌਰਵ ਨੇ ਕਿਹਾ ਕਿ ਦਸਹਿਰਾ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਕਿ ਉਹ ਸਮਾਜਿਕ ਬੁਰਾਈਆਂ ਨੂੰ ਅੱਜ ਰਾਵਣ ਦੇ ਪੁਤਲੇ ਵਾਂਗ ਅੰਦਰੋਂ ਤੇ ਬਾਹਰੋਂ ਸਾੜ ਦੇਈਏ। ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਰਿਮੋਟ ਨਾਲ ਅੱਗ ਲਗਾਈ ਤੇ ਮਿੰਟਾਂ ਅੰਦਰ ’ਚ ਪੁਤਲੇ ਸੜ ਗਏ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਦਸਹਿਰਾ ਉਤਸਵ ਕਮੇਟੀ ਅਤੇ ਨਿਊ ਡਰਾਮਾਟਿਕ ਕਲੱਬ ਵੱਲੋਂ ਪ੍ਰਧਾਨ ਪਵਨ ਭੋਲਾ ਅਤੇ ਸੁਮਨ ਬੱਲੀ ਦੀ ਅਗਵਾਈ ਹੇਠ ਅੱਜ ਸਕੂਲ ਗਰਾਊਂਡ ਵਿੱਚ ਦਸਹਿਰਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਵਿੱਚ ਝਾਕੀਆਂ ਕੱਢੀਆਂ ਗਈਆਂ। ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਦਿਖਾਈ।
ਹੰਡਿਆਇਆ (ਪੱਤਰ ਪ੍ਰੇਰਕ): ਅਨਾਜ ਮੰਡੀ ਹੰਡਿਆਇਆ ਵਿੱਚ ਦਸਹਿਰੇ ਮੌਕੇ ਸਹਿਯੋਗ ਵੈਲਫੇਰ ਕਮੇਟੀ ਹੰਡਿਆਇਆ ਵੱਲੋਂ ਮੇਲਾ ਲਵਾਇਆ ਗਿਆ।
ਸ਼ਹਿਣਾ (ਪੱਤਰ ਪ੍ਰੇਰਕ): ਕਸਬਾ ਸ਼ਹਿਣਾ ਅਤੇ ਇਲਾਕੇ ਦੇ ਪਿੰਡਾਂ ’ਚ ਦਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਬਠਿੰਡਾ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ’ਤੇ ਫੂਕਿਆ ਪੁਤਲਾ
ਬਠਿੰਡਾ (ਪੱਤਰ ਪ੍ਰੇਰਕ): ਚਾਰ ਸਾਲ ਪਹਿਲਾਂ 61 ਲੋਕਾਂ ਦੀ ਜਾਨ ਲੈ ਚੁੱਕੇ ‘ਅੰਮ੍ਰਿਤਸਰ ਰੇਲ ਹਾਦਸੇ’ ਤੋਂ ਕੋਈ ਸਬਕ ਨਾ ਸਿੱਖਦਿਆਂ ਬੁੱਧਵਾਰ ਨੂੰ ਦਸਹਿਰੇ ਦੇ ਜਸ਼ਨ ਦੌਰਾਨ ਬਠਿੰਡਾ ਦੇ ਮੁੱਖ ਰੇਲਵੇ ਸਟੇਸ਼ਨ ਤੋਂ ਸਿਰਫ਼ 50 ਤੋਂ 60 ਮੀਟਰ ਦੀ ਦੂਰੀ ਰੇਲਵੇ ਗਰਾਊਂਡ ਵਿੱਚ ਰਾਵਣ ਸਮੇਤ ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਗਏ। ਜ਼ਿਕਰਯੋਗ ਹੈ ਕਿ ਭਾਵੇਂ ਹਰ ਸਾਲ ਇਸ ਗਰਾਊਂਡ ਵਿੱਚ ਦਸਹਿਰਾ ਮਨਾਇਆ ਜਾਂਦਾ ਹੈ ਪਰ ਜੇਕਰ ਸੁਰੱਖਿਆ ਕਾਰਨਾਂ ’ਤੇ ਝਾਤ ਮਾਰੀ ਜਾਵੇ ਤਾਂ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਰਦੇ ਹੋਏ, ਇਹ ਪੁਤਲੇ ਬਠਿੰਡਾ ਰੇਲਵੇ ਸਟੇਸ਼ਨ ਦੇ ਰੇਲਵੇ ਟਰੈਕ ’ਤੇ ਹਾਈ-ਟੈਂਸ਼ਨ ਬਿਜਲੀ ਦੀਆਂ ਤਾਰਾਂ ਤੋਂ ਕੁਝ ਮੀਟਰ ਦੀ ਦੂਰੀ ’ਤੇ ਪਟਾਕਿਆਂ ਨਾਲ ਫੂਕੇ ਰਹੇ ਸਨ। ਇੱਕ ਰੇਲਵੇ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, “ਰੇਲਵੇ ਪਟੜੀਆਂ ਦੇ ਉੱਪਰੋਂ ਲੰਘਦੀਆਂ ਹਾਈ-ਟੈਂਸ਼ਨ ਬਿਜਲੀ ਦੀਆਂ ਤਾਰਾਂ ਹਨ ਜੋ ਦਸਹਿਰਾ ਦੇ ਜਸ਼ਨਾਂ ਦੌਰਾਨ ਸਾੜੇ ਗਏ ਪੁਤਲਿਆਂ ਤੋਂ ਕੁਝ ਮੀਟਰ ਦੂਰ ਹਨ। ਇੱਕੋ ਸਮੇਂ ਸੈਂਕੜੇ ਪਟਾਕੇ ਫੂਕਣ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਰੇਲਵੇ ਸਟੇਸ਼ਨ ਦੇ ਪੁਤਲੇ ਫੂਕਣ ਲਈ ਸਥਾਨ ਦੀ ਨੇੜਤਾ ਨੂੰ ਧਿਆਨ ਵਿਚ ਨਾ ਰੱਖਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਘੋਰ ਲਾਪ੍ਰਵਾਹੀ ਹੈ। ਬਠਿੰਡਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਡੈਂਟ ਪ੍ਰਦੀਪ ਸ਼ਰਮਾ ਨੇ ਕਿਹਾ, ‘‘ਇਹ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ, ਇਸ ਲਈ ਮੈਂ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕਰਾਂਗਾ।’’ ਡੀਸੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਰੇਲਵੇ ਗਰਾਊਂਡ ਵਿੱਚ ਵੀ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਇਸ ਥਾਂ ’ਤੇ ਕੋਈ ਸੁਰੱਖਿਆ ਸਮੱਸਿਆ ਨਹੀਂ ਹੈ।