ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 6 ਜੂਨ
ਥਾਣਾ ਕੋਤਵਾਲੀ ’ਚ 600 ਬੋਰੀਆਂ ਕਣਕ ਖੁਰਦ-ਬੁਰਦ ਕਰਨ ਦਾ ਮਾਮਲਾ ਟਰੱਕ ਚਾਲਕ ’ਤੇ ਦਰਜ ਹੋਇਆ ਹੈ। ਇੱਥੋਂ ਦੇ ਅਮਰੀਕ ਸਿੰਘ ਰੋਡ ਦੇ ਬਾਸ਼ਿੰਦੇ ਦੀਪ ਰਤਨ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ 600 ਬੋਰੀਆਂ ਕਣਕ ਰਾਜਸਥਾਨ ਤੋਂ ਟਰੱਕ ਰਾਹੀਂ ਮੰਗਵਾਈ ਸੀ। ਲੰਘੀ 9 ਅਪਰੈਲ ਨੂੰ ਬਠਿੰਡਾ ਪੁਲੀਸ ਨੇ ਬਾਹਰੀ ਰਾਜਾਂ ਤੋਂ ਆਉਂਦੀ ਕਣਕ ਦੇ ਕਈ ਟਰੱਕ ਫੜੇ ਤਾਂ ਉਸ ਦੀ ਕਣਕ ਦਾ ਭਰਿਆ ਟਰੱਕ ਵੀ ਪੁਲੀਸ ਨੇ ਕਾਬੂ ਕਰ ਕੇ ਪਰਚਾ ਦਰਜ ਕਰ ਦਿੱਤਾ। ਉਸ ਨੇ ਟਰੱਕ ਤੇ ਕਣਕ ਦੀ ਸਪੁਰਦਦਾਰੀ ਹਾਸਿਲ ਕਰਨ ਲਈ ਅਦਾਲਤ ’ਚ ਅਰਜ਼ੀ ਦਾਖ਼ਲ ਕੀਤੀ ਤਾਂ 7 ਮਈ ਨੂੰ ਅਦਾਲਤ ਨੇ ਸਪੁਰਦਗੀ ਦੇ ਆਦੇਸ਼ ਜਾਰੀ ਕਰ ਦਿੱਤੇ। ਦੀਪ ਰਤਨ ਮੁਤਾਬਿਕ ਉਹੀ 600 ਬੋਰੀ ਕਣਕ ਉਸ ਨੇ ਮਾਨਸਾ ਨਿਵਾਸੀ ਮੱਖਣ ਸਿੰਘ ਦੇ ਟਰੱਕ ’ਤੇ ਡੱਬਵਾਲੀ ਭੇਜ ਦਿੱਤੀ ਪਰ ਹੈਰਾਨੀ ਇਹ ਰਹੀ ਕਿ ਡੱਬਵਾਲੀ ਪਹੁੰਚਣ ਦੀ ਥਾਂ ਕਣਕ ਰਸਤੇ ਵਿੱਚੋਂ ਹੀ ਗਾਇਬ ਹੋ ਗਈ। ਪੁਲੀਸ ਨੇ ਮੱਖਣ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।