ਸ਼ਗਨ ਕਟਾਰੀਆ
ਬਠਿੰਡਾ, 12 ਮਾਰਚ
ਡੇਢ ਦਹਾਕੇ ਤੋਂ ਰੋਸ ਮੁਜ਼ਾਹਰਿਆਂ ਦਾ ਕੇਂਦਰ ਬਣੀ ‘ਬਾਦਲਾਂ ਦੀ ਰਾਜਧਾਨੀ’ ਅਖਵਾਉਂਦੇ ਬਠਿੰਡਾ ’ਚ ਰੋਸ ਮੁਜ਼ਾਹਰਿਆਂ ’ਚ ਕਮੀ ਆਉਣ ਦੇ ਆਸਾਰ ਹਨ। ਇਹ ਅਟਕਲਾਂ ਸੂਬੇ ਦੀ ਹਕੂਮਤ ਬਦਲਣ ਤੋਂ ਬਾਅਦ ਲਾਈਆਂ ਜਾ ਰਹੀਆਂ ਹਨ। ਇਸ ਵਾਰ ਪੰਜਾਬ ਵਿੱਚ ਚੱਲੀ ਆਮ ਆਦਮੀ ਪਾਰਟੀ ਦੀ ਹਨ੍ਹੇਰੀ ’ਚ ਬਠਿੰਡਾ (ਸ਼ਹਿਰੀ) ਹਲਕੇ ਤੋਂ ‘ਆਪ’ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਹਰਾ ਕੇ ਹਲਕੇ ਦੀ ਨੁਮਾਇੰਦਗੀ ਸਾਂਭ ਲਈ ਹੈ।
ਹਰਸਿਮਰਤ ਬਾਦਲ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਅਤੇ ਅਕਾਲੀ ਗੱਠਜੋੜ ਦੇ ਸਾਂਝੇ ਸਮੇਂ ਦੌਰਾਨ ਬਠਿੰਡਾ ਸੰਘਰਸ਼ੀ ਪਿੜ ਬਣ ਕੇ ਉੱਭਰਿਆ ਸੀ। ਬਾਦਲ ਪਿੰਡ ਵੀ ਇਸੇ ਹਲਕੇ ਅਧੀਨ ਆਉਂਦਾ ਹੈ। ਸਾਲ 2017 ਤੋਂ ਮਨਪ੍ਰੀਤ ਬਾਦਲ ਬਠਿੰਡਾ (ਸ਼ਹਿਰੀ) ਹਲਕੇ ਤੋਂ ਜਿੱਤ ਕੇ ਵਿੱਤ ਮੰਤਰੀ ਬਣੇ। ਵਿਧਾਨ ਸਭਾ ਪੰਜਾਬ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਰਿਹਾਇਸ਼ ਵੀ ਬਠਿੰਡਾ ’ਚ ਹੀ ਹੈ। ਇਸ ਪੂਰੇ ਅਰਸੇ ਦੌਰਾਨ ਰਾਜ ਦੇ ਵੱਖ-ਵੱਖ ਕੋਨਿਆਂ ਤੋਂ ਮੁਲਾਜ਼ਮ, ਕਿਸਾਨ, ਮਜ਼ਦੂਰ ਤੇ ਹੋਰ ਵਰਗ ਬਠਿੰਡੇ ਆ ਕੇ ਰੋਸ ਪ੍ਰਦਰਸ਼ਨ ਕਰਦੇ ਰਹੇ। ਕਾਂਗਰਸ ਸਰਕਾਰ ਦੇ ਅੰਤਲੇ ਵਰ੍ਹੇ ਇੱਥੇ ਰਿਕਾਰਡ ਗਿਣਤੀ ਵਿੱਚ ਰੋਸ ਮੁਜ਼ਾਹਰੇ ਹੋਏ।
ਵਿਵਾਦਤ ਕੇਂਦਰੀ ਖੇਤੀ ਕਾਨੂੰਨਾਂ ਸਮੇਂ ਵੀ ਕਿਸਾਨਾਂ ਨੇ ਬਠਿੰਡਾ ਅਤੇ ਪਿੰਡ ਬਾਦਲ ’ਚ ਹੀ ਧਰਨਿਆਂ ਦਾ ਦੌਰ ਮਘਾਇਆ। ਇਨ੍ਹੀਂ ਦਿਨੀਂ ਹੀ ਭਾਜਪਾ ਆਗੂਆਂ ਦੀਆਂ ਬਠਿੰਡਾ ਫੇਰੀਆਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਵੀ ਮਿਸਾਲੀ ਗਿਣਤੀ ’ਚ ਰਿਹਾ।