ਸ਼ਗਨ ਕਟਾਰੀਆ
ਬਠਿੰਡਾ, 11 ਅਕਤੂਬਰ
ਕਿਸਾਨ ਅੰਦੋਲਨ ਦੇ ਅੱਜ 11ਵੇਂ ਦਿਨ ਵੀ ਜ਼ਿਲ੍ਹੇ ’ਚ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਮਘਦਾ ਰਿਹਾ। ਪੌਣੀ ਦਰਜਨ ਥਾਵਾਂ ’ਤੇ ਲੱਗੇ ਧਰਨਿਆਂ ’ਚ ਦਸ ਵਰ੍ਹੇ ਪਹਿਲਾਂ ਕਿਸਾਨ ਅੰਦੋਲਨ ਦੀ ਭੇਟ ਚੜ੍ਹੇ ਕਿਸਾਨ ਪ੍ਰਿਥੀ ਸਿੰਘ ਚੱਕ ਅਲੀਸ਼ੇਰ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਲੋਕ ਗਾਇਕ ਜਗਸੀਰ ਜੀਦਾ ਅਤੇ ਕਵੀਸ਼ਰ ਮੱਖਣ ਸਿੰਘ ਭੁੱਚੋ ਦੀਆਂ ਟੀਮਾਂ ਨੇ ਇਨਕਲਾਬੀ ਗੀਤਾਂ ਅਤੇ ਕਵੀਸ਼ਰੀ ਪੇਸ਼ ਕਰਕੇ ਸੰਗਰਾਮੀ ਇਕੱਠਾਂ ਵਿੱਚ ਜੋਸ਼ ਨੂੰ ਜਰ੍ਹਬਾਂ ਦਿੱਤੀਆਂ।
ਭਾਕਿਯੂ (ਉਗਰਾਹਾਂ) ਵੱਲੋਂ ਪੂੰਜੀਪਤ ਘਰਾਣਿਆਂ ਦੇ ਪੈਟਰੋਲ ਪੰਪਾਂ, ਸ਼ਾਪਿੰਗ ਮਾਲਾਂ ਅਤੇ ਟੌਲ ਪਲਾਜ਼ਿਆਂ ’ਤੇ ਧਰਨੇ ਬਰਕਰਾਰ ਹਨ। ਇਕੱਠਾਂ ਦੌਰਾਨ ਹਰਜਿੰਦਰ ਸਿੰਘ ਬੱਗੀ, ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ ਤੇ ਕੁਲਵੰਤ ਸ਼ਰਮਾ ਆਦਿ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਨਰਮੇ ਦਾ ਭਾਅ 5725 ਰੁਪਏ ਕੁਇੰਟਲ ਮਿੱਥਿਆ ਹੋਇਆ ਹੈ ਪਰ ਕੇਂਦਰ ਸਰਕਾਰ ਵੱਲੋਂ ਸਰਕਾਰੀ ਖਰੀਦ ’ਤੇ ਸਖ਼ਤ ਸ਼ਰਤਾਂ ਮੜ੍ਹਨ ਕਾਰਨ ਖਰੀਦ ਅਧਿਕਾਰੀਆਂ ਵੱਲੋਂ ਨਰਮਾ ‘ਸਰਕਾਰੀ ਖਰੀਦ ਦੇ ਮਾਪਦੰਡਾਂ ਅਨੁਸਾਰ ਨਹੀਂ’ ਕਹਿ ਕੇ ਨਰਮਾ ਨਹੀਂ ਖਰੀਦਿਆ ਜਾ ਰਿਹਾ। ਰੇਲਵੇ ਸਟੇਸ਼ਨ ਬਠਿੰਡਾ ਨੇੜੇ ਰੇਲ ਪਟੜੀ ’ਤੇ ਡਟੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਹਨੀ, ਬਲਕਰਨ ਸਿੰਘ ਬਰਾੜ, ਸੁਖਦੀਪ ਬਾਠ, ਭਾਕਿਯੂ (ਡਕੌਂਦਾ) ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਬੀਕੇਯੂ (ਮਾਨਸਾ) ਦੇ ਸੂਬਾ ਪ੍ਰਧਾਨ ਬੋਘ ਸਿੰਘ ਮਾਨਸਾ, ਜ਼ਿਲ੍ਹਾ ਆਗੂ ਜਗਸੀਰ ਸਿੰਘ ਜੀਦਾ, ਬੀਕੇਯੂ (ਡਕੌਂਦਾ) ਦੇ ਆਗੂ ਹਰਵਿੰਦਰ ਸਿੰਘ ‘ਬਿੰਦਰ’, ਜਮਹੂਰੀ ਕਿਸਾਨ ਸਭਾ ਦੇ ਨੈਬ ਸਿੰਘ ਫੂਸ ਮੰਡੀ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ, ਦਰਸ਼ਨ ਸਿੰਘ ਧਾਲੀਵਾਲ ਆਦਿ ਨੇ ਸਰਕਾਰਾਂ ’ਤੇ ਕਿਸਾਨ ਮਸਲਿਆਂ ਪ੍ਰਤੀ ਗ਼ੈਰ-ਸੰਜੀਦਗੀ ਵਾਲਾ ਰਵੱਈਆ ਅਪਣਾਉਣ ਦਾ ਦੋਸ਼ ਲਾਇਆ