ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 1 ਫਰਵਰੀ
ਜ਼ਿਲ੍ਹੇ ਵਿੱਚ ਅੱਜ 35 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ ਅਤੇ ਇਸ ਦੇ ਨਾਲ ਹੀ ਕੁੱਲ ਨਾਮਜ਼ਦਗੀਆਂ ਦੀ ਗਿਣਤੀ 120 ਹੋ ਗਈ ਹੈ। ਅੱਜ ਵਿਧਾਨ ਸਭਾ ਹਲਕਾ ਰਾਮਪੁਰਾ ਫ਼ੂਲ ਤੋਂ 9, ਭੁੱਚੋ ਤੋਂ 5, ਬਠਿੰਡਾ (ਸ਼ਹਿਰੀ) ਤੋਂ 9, ਬਠਿੰਡਾ (ਦਿਹਾਤੀ) ਤੋਂ 3, ਤਲਵੰਡੀ ਸਾਬੋ ਤੋਂ 5 ਅਤੇ ਮੌੜ ਤੋਂ 4 ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ।
ਅੱਜ ਹਲਕਾ ਰਾਮਪੁਰਾ ਫ਼ੂਲ ਤੋਂ ਬਲਕਾਰ ਸਿੰਘ ਸਿੱਧੂ ਤੇ ਜਿੰਦਰ ਕੌਰ ਨੇ ਆਮ ਆਦਮੀ ਪਾਰਟੀ, ਬਲਜਿੰਦਰ ਸਿੰਘ (ਦੋ ਸੈੱਟ) ਨੇ ਸ਼੍ਰੋਮਣੀ ਅਕਾਲੀ ਦਲ (ਮਾਨ) ਤੋਂ ਇਲਾਵਾ ਰਾਜਬੀਰ ਸਿੰਘ ਸਿੱਧੂ, ਹਰਿੰਦਰਜੀਤ ਸਿੰਘ, ਚਰਨ ਸਿੰਘ, ਬਵਲੇਸ਼ ਕੁਮਾਰ ਅਤੇ ਸਿਕੰਦਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ। ਇਸੇ ਤਰ੍ਹਾਂ ਭੁੱਚੋ ਤੋਂ ਪ੍ਰੀਤਮ ਸਿੰਘ ਕੋਟਭਾਈ, ਰੁਪਿੰਦਰ ਪਾਲ ਸਿੰਘ ਨੇ ਇੰਡੀਆ ਨੈਸ਼ਨਲ ਕਾਂਗਰਸ, ਰੂਪ ਚੰਦ, ਗੁਰਪ੍ਰੀਤ ਕੌਰ ਅਤੇ ਜਗਸੀਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖ਼ਲ ਕਰਵਾਏ।
ਇਸੇ ਤਰ੍ਹਾਂ ਬਠਿੰਡਾ (ਸ਼ਹਿਰੀ) ਤੋਂ ਜਗਰੂਪ ਸਿੰਘ ਗਿੱਲ ਨੇ ਆਮ ਆਦਮੀ ਪਾਰਟੀ, ਸੁਨੀਲ ਕੁਮਾਰ ਨੇ ਆਜ਼ਾਦ, ਆਜ਼ਾਦ ਸਮਾਜ ਪਾਰਟੀ (ਕਾਸ਼ੀ ਰਾਮ) ਸਮੇਤ ਹਰਮਿਲਾਪ ਸਿੰਘ ਗਰੇਵਾਲ, ਪ੍ਰਵੀਨ ਹਿਤੇਸ਼ੀ, ਵਜ਼ੀਰ ਸਿੰਘ, ਜਸਵੰਤ ਸਿੰਘ, ਰਾਜ ਕੁਮਾਰ, ਰੇਸ਼ਮ ਸਿੰਘ ਅਤੇ ਰਾਮ ਕਿਸ਼ਨ ਨੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀ ਪੱਤਰ ਭਰੇ। ਬਠਿੰਡਾ (ਦਿਹਾਤੀ) ਤੋਂ ਸਵੇਰਾ ਸਿੰਘ ਅਤੇ ਮਾਇਆ ਦੇਵੀ ਨੇ ਪੰਜਾਬ ਲੋਕ ਕਾਂਗਰਸ ਪਾਰਟੀ, ਸੁਰਜੀਤ ਸਿੰਘ ਨੇ ਕਮਿਊਨਿਸਟ ਪਾਰਟੀ ਆਫ਼ ਇੰਡੀਆ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਨੇ ਆਮ ਆਦਮੀ ਪਾਰਟੀ, ਹਰਜਿੰਦਰ ਸਿੰਘ, ਬਲਜਿੰਦਰ ਸਿੰਘ, ਸੁਖਜੀਤ ਸਿੰਘ ਅਤੇ ਅਵਤਾਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ। ਹਲਕਾ ਮੌੜ ਤੋਂ ਸੁਖਵੀਰ ਸਿੰਘ ਮਾਈਸਰਖਾਨਾ ਤੇ ਸਪਿੰਦਰ ਪਾਲ ਕੌਰ ਮਾਈਸਰਖਾਨਾ ਨੇ ਆਮ ਆਦਮੀ ਪਾਰਟੀ, ਹਰਦੇਵ ਸਿੰਘ ਬੱਗੜ ਨੇ ਰਿਪਬਲਿਕ ਪਾਰਟੀ ਆਫ਼ ਇੰਡੀਆ (ਅੰਬੇਦਕਰ) ਅਤੇ ਖੁਸ਼ਦੀਪ ਪੂਨੀਆ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਨਾਮਜ਼ਦਗੀ ਪੱਤਰਾਂ ਦੀ ਜਾਂਚ 2 ਫ਼ਰਵਰੀ ਨੂੰ ਹੋਵੇਗੀ ਅਤੇ 4 ਫ਼ਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੁਕਤਸਰ ਹਲਕੇ ਤੋਂ ਕਿਸਾਨ ਆਗੂ ਅਨੁਰੂਪ ਕੌਰ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਦੇ ਜ਼ਿਲ੍ਹਾ ਚੋਣ ਅਫ਼ਸਰ ਮਹਿੰਦਰ ਪਾਲ ਨੇ ਦੱਸਿਆ ਕਿ ਅੱਜ ਮਾਨਸਾ ਵਿਧਾਨ ਸਭਾ ਹਲਕੇ ਵਿੱਚ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਰਜਿੰਦਰ ਸਿੰਘ ਜਵਾਹਰਕੇ, ਲੋਕ ਇਨਸਾਫ਼ ਪਾਰਟੀ ਵੱਲੋਂ ਤਰੁਨਵੀਰ ਸਿੰਘ ਆਹਲੂਵਾਲੀਆ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਕਵਰਿੰਗ ਉਮੀਦਵਾਰ ਵਜੋਂ ਚਰਨ ਕੌਰ ਮੂਸਾ, ਪੰਜਾਬ ਲੋਕ ਕਾਂਗਰਸ ਵੱਲੋਂ ਜੀਵਨ ਦਾਸ ਅਤੇ ਪੁਨੀਤ ਨੇ ਕਾਗਜ਼ ਦਾਖਲ ਕੀਤੇ। ਇਸੇ ਤਰ੍ਹਾਂ ਸਰਦੂਲਗੜ੍ਹ ਵਿਧਾਨ ਸਭਾ ਚੋਣ ਹਲਕਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਵਰਿੰਗ ਉਮੀਦਵਾਰ ਅਜੀਤਇੰਦਰ ਸਿੰਘ, ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਲਦੇਵ ਸਿੰਘ, ਜੈ ਜਵਾਨ ਜੈ ਕਿਸਾਨ ਪਾਰਟੀ ਵੱਲੋਂ ਗੁਰਦੀਪ ਸਿੰਘ, ਭਾਰਤੀ ਜਨ-ਜਾਗ੍ਰਿਤੀ ਪਾਰਟੀ ਵੱਲੋਂ ਸੰਦੀਪ ਕੁਮਾਰ, ਬੀ.ਜੇ.ਪੀ. ਵੱਲੋਂ ਕਵਰਿੰਗ ਉਮੀਦਵਾਰ ਪ੍ਰਤਾਪ ਸਿੰਘ ਅਤੇ ਆਜ਼ਾਦ ਉਮੀਦਵਾਰ ਵਜੋਂ ਚੇਤ ਰਾਮ, ਛੋਟਾ ਸਿੰਘ ਮੀਆਂ (ਸੰਯੁਕਤ ਸਮਾਜ ਮੋਰਚਾ), ਗੁਰਸੇਵਕ ਸਿੰਘ, ਰਘਬੀਰ ਸਿੰਘ ਅਤੇ ਪ੍ਰਦੀਪ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।
ਮਲੋਟ (ਲਖਵਿੰਦਰ ਸਿੰਘ): ਹਲਕਾ ਮਲੋਟ ਤੋਂ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 22 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹਨ।
ਲੰਬੀ (ਇਕਬਾਲ ਸਿੰਘ ਸ਼ਾਂਤ): ਲੰਬੀ ਹਲਕੇ ਵਿੱਚ 11 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ। ਅਕਾਲੀ-ਬਸਪਾ ਗੱਠਜੋੜ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਸੁਖਬੀਰ ਸਿੰਘ ਬਾਦਲ ਨੇ ਕਾਗਜ਼ ਭਰੇ ਹਨ।
ਹਲਕਾ ਜੈਤੋ : 7 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ
ਜੈਤੋ (ਪੱਤਰ ਪ੍ਰੇਰਕ): ਰਾਖ਼ਵੇਂ ਵਿਧਾਨ ਸਭਾ ਹਲਕਾ ਜੈਤੋ ਤੋਂ ਅੱਜ ਚੋਣ ਅਧਿਕਾਰੀ-ਕਮ-ਐੱਸਡੀਐੱਮ ਜੈਤੋ ਡਾ. ਨਿਰਮਲ ਓਸਪੇਚਨ ਕੋਲ 7 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ। ਇਸ ਦੇ ਨਾਲ ਹੀ ਹਲਕੇ ’ਚ ਪੱਤਰ ਜਮ੍ਹਾ ਕਰਵਾਉਣ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ 15 ਹੋ ਗਈ ਹੈ। ਸੰਯੁਕਤ ਅਕਾਲੀ ਦਲ ਵੱਲੋਂ ਅੱਜ ਸਾਬਕਾ ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ ਅਤੇ ਉਨ੍ਹਾਂ ਦੇ ਪਤੀ ਰਿਟਾ. ਜਸਟਿਸ ਨਿਰਮਲ ਸਿੰਘ ਨੇ ਕਵਰਿੰਗ ਉਮੀਦਵਾਰ ਵਜੋਂ ਪੱਤਰ ਦਾਖ਼ਲ ਕਰਵਾਏ। ਇਸੇ ਤਰ੍ਹਾਂ ਬਹੁਜਨ ਮੁਕਤੀ ਪਾਰਟੀ ਵੱਲੋਂ ਹਰਚੰਦ ਰਾਮ, ਡਾ. ਬਲਦੇਵ ਸਿੰਘ ਸੇਖਾ ਕਲਾਂ (ਆਜ਼ਾਦ), ਪਰਮਿੰਦਰ ਕੌਰ (ਆਜ਼ਾਦ), ਬਸਪਾ ਆਗੂ ਕਿੱਕਰ ਸਿੰਘ (ਆਜ਼ਾਦ) ਅਤੇ ਇਨ੍ਹਾਂ ਦੇ ਕਵਰਿੰਗ ਉਮੀਦਵਾਰ ਬਲਜਿੰਦਰ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ।
ਜ਼ਿਲ੍ਹਾ ਫ਼ਰੀਦਕੋਟ: 30 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ
ਫ਼ਰੀਦਕੋਟ (ਜਸਵੰਤ ਜੱਸ): ਫ਼ਰੀਦਕੋਟ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਲਈ 30 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਤੋਂ ਇਲਾਵਾ 24 ਹੋਰ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ। ਇਨ੍ਹਾਂ ਵਿੱਚ ਪੰਜਾਬ ਲੋਕ ਕਾਂਗਰਸ, ਭਾਰਤੀ ਜਨਤਾ ਪਾਰਟੀ, ਸੰਯੁਕਤ ਸਮਾਜ ਮੋਰਚਾ, ਸੀ.ਪੀ.ਆਈ (ਐੱਮ.ਐੱਲ) ਲਬਿਰੇਸ਼ਨ, ਸੰਯੁਕਤ ਅਕਾਲੀ ਦਲ ਦੇ ਉਮੀਦਵਾਰ ਸ਼ਾਮਲ ਹਨ।