ਸ਼ਗਨ ਕਟਾਰੀਆ
ਬਠਿੰਡਾ, 10 ਸਤੰਬਰ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਨਗਰ ਨਿਗਮ ਦਫ਼ਤਰ ਵਿੱਚ ਕੌਂਸਲਰਾਂ ਨਾਲ ਮੀਟਿੰਗ ਦੌਰਾਨ ਖੁਲਾਸਾ ਕੀਤਾ ਕਿ ਬਠਿੰਡਾ ਵਿੱਚ 27 ਕਰੋੜ ਦੀ ਲਾਗਤ ਨਾਲ ‘ਸਟੇਟ ਆਫ਼ ਦਾ ਆਰਟ ਆਡੀਟੋਰੀਅਮ’ ਜਲਦੀ ਹੀ ਉਸਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਹੁ-ਮੰਜ਼ਿਲਾ ਪਾਰਕਿੰਗ ਦੇ ਨਿਰਮਾਣ ਲਈ ਸਬੰਧਤ ਵਿਭਾਗ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ।
ਸੰਵਾਦ ਰਚਾ ਕੇ ਵਿਕਾਸ ਨੂੰ ਗਤੀਸ਼ੀਲ ਕਰਨ ਦੇ ਮੰਤਵ ਤਹਿਤ ਚੁਣੇ ਹੋਏ ਲੋਕ ਪ੍ਰਤੀਨਿਧਾਂ ਨਾਲ ਵਿੱਤ ਮੰਤਰੀ ਦੀ ਇਹ ਦੂਜੀ ਬੈਠਕ ਸੀ। ਉਨ੍ਹਾਂ ਇੱਕਲੇ-ਇੱਕਲੇ ਕੌਂਸਲਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਾਰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤੋਂ ਇਲਾਵਾ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕਰਕੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਹੱਲ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਭਾਗੀਦਾਰੀ ਨਾਲ ਸਰਕਾਰ ਜ਼ਰੂਰਤਾਂ ਮੁਤਾਬਕ ਯੋਜਨਾਵਾਂ ਉਲੀਕ ਕੇ, ਵਿਕਾਸ ਕਾਰਜਾਂ ਨੂੰ ਤੇਜ਼ ਗਤੀ ਨਾਲ ਪੂਰੇ ਕਰ ਸਕਦੀ ਹੈ।
ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨਗਰ ਸੁਧਾਰ ਟਰਸਟ ਦੇ ਦਫ਼ਤਰ ਵਿੱਚ ਸ਼ਹਿਰੀਆਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਅਧਿਕਾਰੀਆਂ ਨੂੰ ਫੌਰੀ ਨਿਪਟਾਰੇ ਲਈ ਹਦਾਇਤਾਂ ਜਾਰੀ ਕੀਤੀਆਂ। ਸ੍ਰੀ ਬਾਦਲ ਨੇ ਗੁਰੂ ਕੀ ਨਗਰੀ, ਮਾਤਾ ਜੀਵੀ ਨਗਰ ਅਤੇ ਬੈਂਕ ਕਲੋਨੀ ਵਿੱਚ ਵੀ ਨੁੱਕੜ ਮੀਟਿੰਗਾਂ ਕਰਕੇ ਮੁਕਾਮੀ ਪੱਧਰ ’ਤੇ ਹੋਣ ਵਾਲੇ ਕੰਮਾਂ ਦੀ ਲੋਕਾਂ ਤੋਂ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਅਰੁਣ ਵਧਾਵਨ, ਜੈਜੀਤ ਜੌਹਲ, ਰਾਜਨ ਗਰਗ, ਕੇ ਕੇ ਅਗਰਵਾਲ, ਰਮਨ ਗੋਇਲ, ਅਸ਼ੋਕ ਕੁਮਾਰ, ਹਰਮੰਦਰ ਸਿੰਘ, ਪਵਨ ਮਾਨੀ, ਬਲਜਿੰਦਰ ਠੇਕੇਦਾਰ ਆਦਿ ਹਾਜ਼ਰ ਰਹੇ।
ਫੁੱਟਪਾਥ ’ਤੇ ਚਾਹ ਦੀਆਂ ਚੁਸਕੀਆਂ…!
ਅੱਜ ਚੰਡੀਗੜ੍ਹ ਤੋਂ ਆਉਂਦੇ ਵਕਤ ਵਿੱਤ ਮੰਤਰੀ ਅਚਾਨਕ ਇੱਥੇ ਤਿਕੋਣੀ ’ਤੇ ਸੜਕ ਕੰਢੇ ਸਥਿਤ ਸਾਦੀ ਪਰ ਮਸ਼ਹੂਰ ‘ਅਰਜੁਨ ਟੀ ਸਟਾਲ’ ’ਤੇ ਰੁਕੇ ਅਤੇ ਜ਼ਾਇਕੇਦਾਰ ਚਾਹ ਦਾ ਲੁਤਫ਼ ਲਿਆ। ਇਸ ਮੌਕੇ ਉਨ੍ਹਾਂ ਉੱਥੇ ਚਾਹ ਪੀ ਰਹੇ, ਚਾਹ ਦੇ ਸ਼ੌਕੀਨਾਂ ਨਾਲ ਹਾਸੇ-ਠੱਠੇ ਤੋਂ ਇਲਾਵਾ ਗੰਭੀਰ ਗੱਲਾਂ-ਬਾਤਾਂ ਵੀ ਕੀਤੀਆਂ।