ਪੱਤਰ ਪ੍ਰੇਰਕ
ਬਠਿੰਡਾ, 13 ਅਪਰੈਲ
ਪਿੰਡ ਬਹਿਮਣ ਦੀਵਾਨਾ ਦੀ 15 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਪੀੜਤ ਕਿਸਾਨ ਬਿੰਦੂ ਸਿੰਘ ਪਿੰਡ ਬਹਿਮਣ ਦੀਵਾਨਾ ਨੇ ਜਾਣਕਾਰੀ ਹੋਏ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਕੰਬਾਈਨ ਕਣਕ ਵੱਢ ਰਹੀ ਸੀ ਤਾਂ ਕੋਲੋਂ ਦੀ ਲੰਘਦੀ ਬਿਜਲੀ ਦੀ ਤਾਰ ਦਰੱਖ਼ਤ ਨਾਲ ਸੰਪਰਕ ਕਰਨ ਕਾਰਨ ਨਿੱਕਲੀ ਚੰਗਿਆੜੀ ਨੇ ਜਿਥੇ ਕਣਕ ਸੜ ਕੇ ਤਬਾਹ ਕਰ ਦਿੱਤੀ ਉੱਥੇ ਕੰਬਾਈਨ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਪਿੰਡ ਬਹਿਮਣ ਦੀਵਾਨਾ ਦੇ ਹਰਨੇਕ ਸਿੰਘ ਪੁੱਤਰ ਭੰਘਾ ਸਿੰਘ ਦੀ 10 ਏਕੜ ਮਲਕੀਅਤ ਸਿੰਘ ਦੀ 5 ਏਕੜ ਸੜ ਕੇ ਸੁਆਹ ਹੋ ਗਈ। ਅੱਗ ਵਾਲੀ ਘਟਨਾ ਦਾ ਪਤਾ ਚੱਲਦਿਆਂ ਹੀ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ। ਬਠਿੰਡਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ’ਤੇ ਪਹੁੰਚੀਆਂ ਅਤੇ ਕਾਫੀ ਜੱਦੋ ਜ਼ਹਿਦ ਬਾਅਦ ਅੱਗ ’ਤੇ ਕਾਬੂ ਪਾਇਆ। ਕੰਬਾਈਨ ਮਾਲਕ ਬਿੰਦੂ ਸਿੰਘ ਅਤੇ ਕਿਸਾਨ ਹਰਨੇਕ ਸਿੰਘ, ਮਲਕੀਤ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਬਿਜਲੀ ਵਿਭਾਗ ਦੀ ਗਲਤੀ ਕਾਰਨ ਹਾਦਸਾ ਵਾਪਰਿਆ ਹੈ। ਕਿਉਂਕਿ ਬਿਜਲੀ ਵਿਭਾਗ ਨੂੰ ਵਾਰ ਵਾਰ ਕਹਿਣ ’ਤੇ ਵੀ ਦਰੱਖਤਾਂ ਨਾਲ ਲੰਘਦੀਆਂ ਢਿੱਲੀਆਂ ਤਾਰਾਂ ਨੂੰ ਨਹੀਂ ਕੱਸਿਆ ਗਿਆ। ਕੰਬਾਈਨ ਦੇ ਹੋਏ ਨੁਕਸਾਨ ਦੀ ਇਕੱਠੇ ਹੋਏ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ) ਇੱਥੋਂ ਦੇ ਪਿੰਡ ਪੱਤੋ ਹੀਰਾ ਸਿੰਘ ਵਿੱਚ ਕਿਸਾਨ ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਗੁਰਮੀਤ ਸਿੰਘ ਦੀ ਦੋ, ਦੋ ਏਕੜ (ਚਾਰ ਏਕੜ) ਖੜ੍ਹੀ ਕਣਕ ਅੱਗ ਲੱਗਣ ਕਰਕੇ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਾਹੁੰਚ ਕੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਪਤਾ ਲੱਗਿਆ ਕਿ ਸੜਕ ਕਿਨਾਰੇ ਖੇਤ ਹੋਣ ਕਾਰਨ ਸਿਗਰਟ ਬੀੜੀ ਆਦਿ ਸੁੱਟਣ ਨਾਲ ਘਟਨਾ ਵਾਪਰੀ ਹੈ। ਕਿਸਾਨ ਕੁਲਦੀਪ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਉਸ ਨੇ ਦੋ ਏਕੜ ਜ਼ਮੀਨ ਮਾਮਲੇ ਉੱਪਰ ਲਏ ਹੋਏ ਸਨ। ਉਸ ਨੂੰ ਦੋਹਰੀ ਮਾਰ ਪੈ ਗਈ ਹੈ। ਮੌਕੇ ’ਤੇ ਪੁੱਜੇ ਪਟਵਾਰੀ ਕਿਰਨਪਾਲ ਕੌਰ ਨੇ ਦੱਸਿਆ ਕਿ ਅੱਗ ਨਾਲ ਹੋਏ ਨੁਕਸਾਨ ਬਾਰੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਰਹੇ ਹਾਂ। ਇਸ ਮੌਕੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵੀ ਹਾਜ਼ਰ ਸਨ। ਸਰਪੰਚ ਅਮਰਜੀਤ ਸਿੰਘ, ਜੱਸੀ ਬਰਾੜ, ਬੱਬੂ ਖਾਲਸਾ, ਪ੍ਰਧਾਨ ਜੀਤ ਸਿੰਘ ਬਾਠ ਨੇ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।
ਸ਼ਹਿਣਾ (ਪੱਤਰ ਪ੍ਰੇਰਕ) ਅੱਜ ਬਾਅਦ ਦੁਪਹਿਰ ਇਥੇ ਨੈਣੇਵਾਲ ਰੋਡ ’ਤੇ ਇੱਕ ਕਿਸਾਨ ਰਾਜਦੀਪ ਸਿੰਘ, ਚੰਦ ਸਿੰਘ ਦੇ ਖੇਤਾਂ ਵਿੱਚ 3 ਏਕੜ ਟਾਂਗਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਧਾਰਮਿਕ ਅਸਥਾਨਾਂ ਤੋਂ ਦਿੱਤੀ ਗਈ ਤੇ ਲੋਕ ਅੱਗ ਬਝਾਉਣ ਲਈ ਇਕੱਠੇ ਹੋਣੇ ਸ਼ੁਰੂ ਗਏ। ਅੱਗ ਬਿਜਲੀ ਸਪਾਰਕ ਤੋਂ ਲੱਗੀ ਹੈ।
300 ਏਕੜ ਕਣਕ ਦਾ ਨਾੜ ਸੜਿਆ
ਸਾਦਿਕ (ਪੱਤਰ ਪ੍ਰੇਰਕ) ਇਲਾਕੇ ਦੇ ਤਿੰਨ ਪਿੰਡਾਂ ਦੀਪ ਸਿੰਘ ਵਾਲਾ, ਅਹਿਲ ਤੇ ਕਾਨਿਆਂ ਵਾਲੀ ਦੀ ਹੱਦ ’ਤੇ ਪੈਂਦੇ ਖੇਤਾਂ ਵਿੱਚ ਅੱਗ ਲੱਗਣ ਕਾਰਨ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ. ਕੋਲੋਂ ਲੰਗਦੀ ਗੰਗ ਨਹਿਰ ਵਾਲੇ ਪਾਸੇ ਅੱਗ ਲੱਗਣ ਬਾਰੇ ਪਤਾ ਲੱਗਦਿਆਂ ਹੀ ਪਿੰਡਾਂ ਦੇ ਲੋਕ ਟਰੈਕਟਰਾਂ, ਸਪਰੇਅ ਪੰਪਾਂ ਆਦਿ ਨਾਲ ਅੱਗ ਬੁਝਾਉਣ ਲੱਗੇ ਤੇ ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ 300 ਏਕੜ ਕਣਕ ਦੇ ਨਾੜ ਨੂੰ ਅੱਗ ਆਪਣੀ ਲਪੇਟ ’ਚ ਲੈ ਚੁੱਕੀ ਸੀ ਜਿਸ ’ਤੇ ਬੜੀ ਮੁਸ਼ਿਕਲ ਨਾਲ ਕਾਬੂ ਪਾਇਆ ਗਿਆ। ਕਿਸਾਨ ਲਖਵਿੰਦਰ ਸਿੰਘ , ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਅੱਗ ਤੂੜੀ ਬਣਾਉਣ ਵਾਲੀ ਮਸ਼ੀਨ ਨਾਲ ਲੱਗੀ ਸੀ ਪਰ ਕੋਲ ਖੇਤਾਂ ’ਚ ਖੜ੍ਹੀ ਕਣਕ ਦਾ ਬਚਾਅ ਹੋ ਗਿਆ।
ਅੱਗ ਲੱਗਣ ਦੀ ਸੂਚਨਾ ਦੇਣ ਲਈ ਕੰਟਰੋਲ ਰੂਮ ਸਥਾਪਿਤ
ਮਾਨਸਾ (ਪੱਤਰ ਪ੍ਰੇਰਕ) ਮਾਨਸਾ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹਾੜੀ ਸੀਜ਼ਨ 2022 ਦੌਰਾਨ ਖੜ੍ਹੀ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਜਿੱਥੇ ਕਿਤੇ ਵੀ ਖੜ੍ਹੀ ਫ਼ਸਲ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਉਂਦੀ ਹੈ, ਉਸ ਸਬੰਧੀ ਸੂਚਨਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਾਪਿਤ ਕੰਟਰੋਲ ਰੂਮ ਨੰਬਰ 01652-229082 ’ਤੇ ਦਿੱਤੀ ਜਾ ਸਕਦੀ ਹੈ।