ਪੱਤਰ ਪ੍ਰੇਰਕ
ਬਠਿੰਡਾ, 2 ਸਤੰਬਰ
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਅਗਵਾਈ ਹੇਠ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੂੰ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ (ਐੱਮਓਐੱਫਪੀਆਈ) ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਅਧੀਨ ਯੂਨੀਵਰਸਿਟੀ ਕੈਂਪਸ ਵਿੱਚ ਫੂਡ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਲਈ 1.98 ਕਰੋੜ ਰੁਪਏ ਦੀ ਗਰਾਂਟ-ਇਨ-ਏਡ ਦੀ ਦੂਜੀ ਕਿਸ਼ਤ ਪ੍ਰਾਪਤ ਹੋ ਗਈ ਹੈ। ਇਸ ਸਕੀਮ ਤਹਿਤ, ਯੂਨੀਵਰਸਿਟੀ ਨੂੰ ਐੱਮਓਐੱਫਪੀਆਈ ਵੱਲੋਂ 5.15 ਕਰੋੜ ਰੁਪਏ ਦੀ ਕੁੱਲ ਪ੍ਰਵਾਨਿਤ ਗ਼ੈਰ-ਆਵਿਰਤੀ ਗਰਾਂਟ ਮਨਜ਼ੂਰ ਕੀਤੀ ਗਈ ਹੈ, ਜਿਸ ਵਿੱਚੋਂ 2.01 ਕਰੋੜ ਰੁਪਏ ਦੀ ਪਹਿਲੀ ਕਿਸ਼ਤ 31 ਜਨਵਰੀ 2018 ਨੂੰ ਜਾਰੀ ਕੀਤੀ ਗਈ ਸੀ। ਇਸ ਸਕੀਮ ਦੀ ਦੂਜੀ ਕਿਸ਼ਤ ਜਾਰੀ ਕਰਨ ਲਈ ਪ੍ਰਵਾਨਗੀ ਪੱਤਰ ਅਗਸਤ 2021 ਦੇ ਆਖ਼ਰੀ ਹਫ਼ਤੇ ਐੱਮਓਐੱਫਪੀਆਈ ਵੱਲੋਂ ਜਾਰੀ ਕੀਤਾ ਗਿਆ। ਸ੍ਰੀ ਤਿਵਾੜੀ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਫੂਡ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਲਈ ਇਹ ਗਰਾਂਟ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਸੂਬੇ ਲਈ ਪ੍ਰੋਸੈਸਡ ਫੂਡ, ਖੇਤੀਬਾੜੀ ਉਤਪਾਦਾਂ ਅਤੇ ਸਹਾਇਕ ਖੇਤੀ ਉਤਪਾਦਾਂ ਦੀ ਗੁਣਵੱਤਾ ਅਤੇ ਸੁਰੱਖਿਆ ਦੇ ਮਾਪਦੰਡਾਂ ਨੂੰ ਯਕੀਨੀ ਬਣਾਉਣ ਦੀਆਂ ਨਿਯਮਕ ਲੋੜਾਂ ਨੂੰ ਪੂਰਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ। ਯੂਨੀਵਰਸਿਟੀ ਦੇ ਅਪਲਾਈਡ ਐਗਰੀਕਲਚਰਲ ਸਾਇੰਸਿਜ਼ ਵਿਭਾਗ ਵਿੱਚ ਸਥਾਪਤ ਕੀਤੀ ਜਾ ਰਹੀ ਇਹ ਫੂਡ ਟੈਸਟਿੰਗ ਲੈਬਾਰਟਰੀ ਜਾਗਰੂਕਤਾ ਪ੍ਰੋਗਰਾਮਾਂ ਅਤੇ ਪ੍ਰੈਕਟੀਕਲ ਟਰੇਨਿੰਗ ਰਾਹੀਂ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਤੇ ਸੁਰੱਖਿਆ ਪ੍ਰਤੀ ਜਾਗਰੂਕ ਕਰੇਗੀ। ਕੇਂਦਰੀ ਉਪਕਰਨ ਪ੍ਰਯੋਗਸ਼ਾਲਾ (ਸੀਆਈਐੱਲ) ਦੇ ਇੰਚਾਰਜ ਪ੍ਰੋ. ਰਾਜ ਕੁਮਾਰ ਨੇ ਦੱਸਿਆ ਕਿ ਗਰਾਂਟ ਦੀ ਵਰਤੋਂ ਖਾਣੇ ਦੀ ਗੁਣਵੱਤਾ ਤੇ ਸੁਰੱਖਿਆ ਜਾਂਚ ਉਪਕਰਨ ਖ਼ਰੀਦਣ ਲਈ ਕੀਤੀ ਜਾਵੇਗੀ।