ਮਨੋਜ ਸ਼ਰਮਾ
ਬਠਿੰਡਾ, 28 ਸਤੰਬਰ
ਸਥਾਨਕ ਸ਼ਹੀਦ ਮਨੀ ਸਿੰਘ ਜ਼ਿਲ੍ਹਾ ਹਸਪਤਾਲ ਦੇ ਮੁੱਖ ਅਪਰੇਸ਼ਨ ਥੀਏਟਰ ਵਿੱਚ ਬਿਨਾਂ ਦਰਵਾਜ਼ੇ ਤੋਂ ਹੀ ਰੋਜ਼ਾਨਾ ਕਈ-ਕਈ ਅਪਰੇਸ਼ਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਹਸਪਤਾਲ ਦੇ ਇਸ ਮੁੱਖ ਅਪਰੇਸ਼ਨ ਥੀਏਟਰ ਦਾ ਦਰਵਾਜ਼ਾ ਪਿਛਲੇ ਕਈ ਦਿਨਾਂ ਤੋਂ ਟੁੱਟਿਆ ਹੋਇਆ ਹੈ, ਜਿਸ ਕਾਰਨ ਰੋਜ਼ਾਨਾ ਮਾਹਰ ਡਾਕਟਰ ਬਿਨਾਂ ਦਰਵਾਜ਼ੇ ਤੋਂ ਹੀ ਔਰਤਨ 20-25 ਅਪਰੇਸ਼ਨ ਕਰ ਰਹੇ ਹਨ। ਅਪਰੇਸ਼ਨ ਥੀਏਟਰ ਦੇ ਬਾਹਰ ਮੌਜੂਦ ਲੋਕ ਅਸਾਨੀ ਨਾਲ ਹੀ ਅੰਦਰ ਝਾਕ ਸਕਦੇ ਹਨ ਤੇ ਖੁੱਲ੍ਹੇ ਦਰਵਾਜ਼ੇ ਕਾਰਨ ਅੰਦਰ ਮਰੀਜ਼ ਨੂੰ ਲਾਗ ਲੱਗਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਰੋਜ਼ ਇਥੇ ਈਐੱਨਟੀ, ਆਰਥੋਪੈਡਿਕਸ ਤੇ ਹੋਰ ਕਈ ਤਰ੍ਹਾਂ ਦੀਆਂ ਸਰਜਰੀਆਂ ਕੀਤੀਆਂ ਜਾਂਦੀਆਂ ਹਨ। ਵਿਭਾਗ ਦੇ ਸੂਤਰਾਂ ਅਨੁਸਾਰ ਅਜਿਹਾ ਕਰਨ ਨਾਲ ਮਰੀਜ਼ਾਂ ਨਾਲ ਆਉਣ ਵਾਲੇ ਰਿਸ਼ਤੇਦਾਰਾਂ ਲਈ ਵੀ ਲਾਗ ਲੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਜ਼ਿਲ੍ਹਾ ਹਸਪਤਾਲ ਦੇ ਮੁੱਖ ਅਪਰੇਸ਼ਨ ਥੀਏਟਰ ਦਾ ਟੁੱਟਿਆ ਹੋਇਆ ਦਰਵਾਜ਼ਾ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਤਲਾਂ ਅਤੇ ਸੇਵਾਵਾਂ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ। ਇਥ ਪਾਸੇ ਸੂਬਾ ਸਰਕਾਰ ਸਿਹਤ ਖੇਤਰ ਵਿੱਚ ਨਵਾਂ ਢਾਂਚਾ ਉਸਾਰਨ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਮੌਜੂਦਾ ਢਾਂਚੇ ਦੀ ਵੀ ਸੰਭਾਲ ਨਹੀਂ ਕੀਤੀ ਜਾ ਰਹੀ। ਸਿਵਲ ਹਸਪਤਾਲ ਬਠਿੰਡਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰ ਸਿੰਘ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਪਰੇਸ਼ਨ ਥੀਏਟਰ ਦਾ ਦਰਵਾਜ਼ਾ ਟੁੱਟ ਗਿਆ ਹੈ ਤੇ ਛੇਤੀ ਹੀ ਇਸ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਪਰੇਸ਼ਨ ਥੀਏਟਰ ਨੂੰ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਨਵੇਂ ਤਿਆਰ ਕੀਤੇ ਅਪਰੇਸ਼ਨ ਥੀਏਟਰ ’ਚ ਤਬਦੀਲ ਕਰਨ ਦੀ ਤਿਅਰੀ ਹੈ ਤੇ 10-15 ਦਿਨਾਂ ਵਿੱਚ ਸ਼ਿਫਟ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੂੰ ਫੋਨ ਕੀਤਾ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।