ਪਿਛਲੀ ਵਾਰ (18 ਜੂਨ) ਦੇ ਅਦਬੀ ਸੰਗਤ ਵਿਚ ਪੰਜਾਬ ਤੇ ਹੋਰ ਥਾਵਾਂ ਦੇ ਦਰਿਆਵਾਂ ਬਾਰੇ ਪੇਸ਼ ਹੋਈਆਂ ਪੰਜਾਬੀ ਕਵਿਤਾਵਾਂ ਦੀ ਇਹ ਅਗਲੀ ਲੜੀ ਹੈ। ਇੰਗਲੈਂਡ ਦੇ ਦਰਿਆ ਟ੍ਹੇਮਜ਼ ਤੇ ਕੈਨੇਡਾ ਦੇ ਦਰਿਆ ਫ਼ਰੇਜ਼ਰ ਨੂੰ ਪੰਜਾਬੀ ਹੁਣ ਇਸ ਹੱਦ ਤਕ ਅਪਣਾ ਮੰਨਦੇ ਹਨ ਕਿ ਅਪਣੇ ਮੋਇਆਂ ਦੇ ਫੁੱਲ ਇਨ੍ਹਾਂ ਦੇ ਵਗਦੇ ਪਾਣੀਆਂ ਵਿਚ ਪ੍ਰਵਾਹ ਕਰਨ ਲਗ ਪਏ ਹਨ।
– ਅਮਰਜੀਤ ਚੰਦਨ
t t t t t t t t t t t t t t t
ਰਾਵੀਏ ਨੀ
ਤੇਰੇ ਕੰਢਿਆਂ ਤੇ ਜਦੋਂ ਆਵੀਏ ਨੀ।
ਵੇਖ ਅੱਖੀਆਂ ਤੋਂ ਉਛਲ ਜਾਵੀਏ ਨੀ।
ਲਹਿਰਾਂ ਤੇਰੀਆਂ ’ਤੇ ਨੀਝਾਂ ਲਾ ਲਾ ਕੇ,
ਲੁਕੇ ਮਾਹੀ ’ਤੇ ਨਿਗ੍ਹਾ ਟਿਕਾਵੀਏ ਨੀ।
ਦੇਗੇ ਵਾਂਗ ਨੀ! ਉਬਲਦੇ ਦਿਲ ਸਾਡੇ,
ਸੀਨਾ ਤਵੀ ਵਾਂਙੂ ਜਾਂਦਾ ਤਪ ਅੜੀਏ।
ਦੱਸ ਕਿਥੇ ਲੁਕਾਇਆ ਈ ਰੱਬ ਸਾਡਾ?
ਤੱਤੀ ਰੇਤ ’ਤੇ ਵਗਦੀਏ ਰਾਵੀਏ ਨੀ!
ਲਹਿਰਾਂ ਤੇਰੀਆਂ ਬਾਲ ਨੇ ਅੱਗ ਰਹੀਆਂ,
ਸੀਨੇ ਕਾਤੀਆਂ ਵਾਂਙ ਹਨ ਲਗ ਰਹੀਆਂ।
ਠਾਠਾਂ ਤੇਰੀਆਂ ਆਂਦਰਾਂ ਲੂਹਣ ਪਈਆਂ,
ਕਾਂਗਾਂ ਤੇਰੀਆਂ, ਅੱਖੀਆਂ ਵਗ ਰਹੀਆਂ।
ਛਲਾਂ ਤੇਰੀਆਂ ਸੁੱਟਦੀਆਂ ਝੱਗ ਮੋਈਏੇ,
ਰਹੀਆਂ ਵਾਂਙ ਅੰਗਿਆਰ ਦੇ ਮਗ੍ਹ ਮੋਈਏ।
ਸੜਨ ਹੱਥ, ਜੇ ਤੈਨੂੰ ਛੁਹਾਵੀਏ ਨੀ,
ਤੱਤੀ ਰੇਤ ’ਤੇ ਵਗਦੀਏ ਰਾਵੀਏ ਨੀ!
ਦੇਗ਼ ਉਬਲਦੀ ਤੇਰੇ ਉਬਾਲਿਆਂ ਦੀ।
ਤੇਰੇ ਬੁਲਬਲੇ ਨੇ ਸ਼ਕਲ ਛਾਲਿਆਂ ਦੀ।
ਤੇਰੀ ਸਾਂ ਸਾਂ ਚੰਦੂ ਦੀ ਨੂੰਹ ਕੂਕੇ,
ਘੁੰਮਣ-ਘੇਰ ਰੇਖਾ ਕਰਮਾਂ ਕਾਲਿਆਂ ਦੀ।
ਕੰਢੇ ਦੋਏ ਨੀ ਸੀਨੇ ਦੇ ਫਟ ਮੋਈਏ,
ਖੋਲ੍ਹ ਦਿਲ ਦੀਆਂ ਘੁੰਡੀਆਂ ਝਟ ਮੋਈਏ।
ਐਵੇਂ ਭੇਤ ਨਾ ਪਏ ਛੁਪਾਵੀਏ ਨੀ।
ਤੱਤੀ ਰੇਤ ’ਤੇ ਵਗਦੀਏ ਰਾਵੀਏ ਨੀ!
ਕਲਾਮ ਰਾਵੀ:-
‘‘ਜੀਵਣ ਜੋਗਿਆ! ਕਰੀਂ ਨਾ ਰੋਹ ਮੈਨੂੰ।
ਚੇਤੇ ਆਂਵਦੀ ਏ ਸਦਾ ਲੋਹ ਮੈਨੂੰ।
ਦੇਗ਼ ਉਬਲਦੀ ਅੱਖੀਆਂ ਵਿਚ ਰਹਿੰਦੀ,
ਰਹਿੰਦੀ ਸਾੜਦੀ ਰਾਤ ਦੇਂਹ ਓਹ ਮੈਨੂੰ।
ਤੱਤੀ ਰੇਤ ਜੋ ਓਸ ਤੇ ਰਹੀ ਪੈਂਦੀ,
ਉਹੋ ਸਾੜਦੀ ਹੈ ਮੇਰਾ ਦਿਲ ਰਹਿੰਦੀ।
ਤੱਤੀ ਰੇਤ ਨੂੰ ਮੈਂ ਤਾਂ ਬੁਝਾ ਰਹੀਆਂ।
ਨਹੀਂ ਵਗਦੀ! ਹੰਝੂ ਵਹਾ ਰਹੀਆਂ।
ਮਿਲਿਆ ਜਿਹਾ, ਮੁੜ ਕੇ ਮਿਲਣਾ ਮੁੱਕ ਗਿਆ।
ਮੇਰੇ ਵਿਚ ਲੁਕਿਆ ਮੈਥੋਂ ਲੁੱਕ ਗਿਆ।
ਮੇਰੀ ਹਿੱਕ ’ਤੇ ਯਾਦ ਦੇ ਪੈਣ ਛਾਲੇ,
ਰੋ ਰੋ ਅੱਖੀਆਂ ਦਾ ਨੀਰ ਸੁੱਕ ਗਿਆ।
ਉਹਦੇ ਅਜੇ ਤਕ ਲੱਭਦੀ ਭੇਤ ਹਾਂ ਮੈਂ।
ਪਈ ਠਾਰਦੀ ਸੜੀ ਹੋਈ ਰੇਤ ਹਾਂ ਮੈਂ।
ਉਹਦੀ ਯਾਦ ਜਦ ‘ਤੀਰ’ ਜੀ ਆ ਜਾਂਦੀ।
ਮੇਰੀ ਹਿੱਕ ਉੱਤੇੇ ਛਾਲੇ ਪਾ ਜਾਂਦੀ॥
(ਧਿਆਨਜੋਗ: ਮਹਾਰਾਜਾ ਦਲੀਪ ਸਿੰਘ ਨੇ ਅਪਣੀ ਮਾਤਾ ਜਿੰਦਾਂ ਦੇ ਫੁੱਲ ਮਹਾਰਾਸ਼ਟਰ ਦੀ ਨਦੀ ਗੋਦਾਵਰੀ ਵਿਚ ਪਾਏ ਸਨ। ਇਸ ਬਾਰੇ ਤੀਰ ਜੀ ਦੀ ‘ਨੀ ਗੋਦਾਵਰੀ’ ਨਾਂ ਦੀ ਕਵਿਤਾ ਵੀ ਹੈ।)
t t t t t t t t t t t t t t t
ਝਨਾਂ
(ਫੱਗਣ ਦੇ ਮਹੀਨੇ)
ਐ ਨਦੀਏ ਪ੍ਰੇਮ-ਪ੍ਰੀਤ ਦੀਏ! ਅੱਜ ਕਿਉਂ ਚੁੱਪ ਕੀਤੀ ਵਹਿੰਦੀ ਏਂ?
ਛਾਲੇ ਜਿਉਂ ਭਰਿਆ ਦਿਲ ਤੇਰਾ, ਪਰ ਮੂੰਹੋਂ ਕੁਝ ਨਾ ਕਹਿੰਦੀ ਏਂ।
ਅੱਜ ਕਿਉਂ ਤੂੰ ਭਰ ਕੇ ਵਗਦੀ ਨਹੀਂ, ਕੁਛ ਅਪਣਾ ਆਪ ਵਿਖਾਂਦੀ ਨਹੀਂ?
ਲਹਿਰਾਂ ਨਹੀਂ, ਘੁੰਮਣ-ਘੇਰਾਂ ਨਹੀਂ, ਕੋਈ ਕੰਡੀ ਬੰਨੀ ਢਾਂਦੀ ਨਹੀਂ।
ਜੋਬਨ ਨਹੀਂ, ਜੋਬਨ ਮਸਤੀ ਨਹੀਂ, ਮਸਤੀ ਦੀਆਂ ਸ਼ੋਖ਼ ਤਰੰਗਾਂ ਨਹੀਂ।
ਵਿਧਵਾ ਜਿਉਂ ਤੇਰੇ ਦਿਲ ਅੰਦਰ, ਸ਼ਾਇਦ ਅੱਜ ਉਹ ਉਮੰਗਾਂ ਨਹੀਂ।
ਸੀਨੇ ਦੇ ਦਾਗ਼ਾਂ ਵਾਂਗੂੰ ਅੱਜ, ਦਿਸਦੇ ਪਏ ਵਿਚ ਬਰੇਤੇ ਨੇ।
ਪਾਣੀ ਦੀਆਂ ਭਰਵੀਆਂ ਛੱਲਾਂ ਦੀ, ਮੱਲੀ ਥਾਂ ਬਾਲੂ ਰੇਤੇ ਨੇ।
ਤੂੰ ਕਿਸਦੇ ਪੱਛੋਤਾਵੇ ਵਿਚ, ਹੋ ਐਨੀ ਨੀਵੀਂ ਵਗਦੀ ਏਂ।
ਸੋਹਣੀ ਦੀ ਮਾਰੂ ਵੈਰਨ ਨਹੀਂ, ਅੱਜ ਹੋਰ ਝਨਾਂ ਕੋਈ ਲਗਦੀ ਏਂ।
ਤੂੰਹੇਂ ਹੈਂ ਜਿਸ ਦੀਆਂ ਠਾਠਾਂ ਵਿਚ, ਡੁੱਬੀ ਸੀ ਇਕ ਮੁਟਿਆਰੀ ਨੀ।
ਤੇਰੇ ਹੀ ਕੰਢੇ ਵਸਦਾ ਸੀ, ਪ੍ਰੀਤਾਂ ਦਾ ਸ਼ੋਖ਼ ਬਪਾਰੀ ਨੀ।
ਉਸ ਦਿਨ ਤੂੰ ਅਪਣੇ ਜੋਬਨ ਵਿਚ, ਵਗਦੀ ਸੈਂ ਭਰ ਅਸਗਾਹੀਂ ਨੀ।
ਜਦ ਤੇਰੇ ਕੰਢੇ ਆਸ਼ਕ ਕੋਈ, ਭਰਦਾ ਸੀ ਬੈਠਾ ਆਹੀਂ ਨੀ।
ਪਾਣੀ ਦੀ ਹਾਥ ਨਾ ਆਉਂਦੀ ਸੀ, ਪੈਂਦੇ ਸੀ ਕੱਪਰ ਕਹਿਰਾਂ ਦੇ।
ਬੇੜੇ ਪਏ ਗ਼ੋਤੇ ਖਾਂਦੇ ਸੀ, ਮਾਰੇ ਤੂਫ਼ਾਨੀ ਲਹਿਰਾਂ ਦੇ।
ਹਾਂ ਉਸ ਦਿਨ ਜਿਸ ਦਿਨ ਇੰਦਰ ਨੇ ਕਹਿਰਾਂ ਦੀ ਵਰਖਾ ਲਾਈ ਸੀ।
ਤੇ ਤੂੰ ਵੀ ਅਪਣੇ ਜੋਬਨ ਦੀ ਇਕ ਮਾਰੂ ਕਾਂਗ ਚੜ੍ਹਾਈ ਸੀ।
ਬਾਰਸ਼ ਸੀ ਤੇਜ਼ ਹਨ੍ਹੇਰੀ ਸੀ, ਬਿਜਲੀ ਅੱਖੀਆਂ ਮਟਕਾਂਦੀ ਸੀ।
ਸੀ ਕਾਲ਼ੀ ਰਾਤ ਕਿਆਮਤ ਦੀ, ਬੱਦਲ਼ਾਂ ਦੀ ਗਰਜ ਡਰਾਂਦੀ ਸੀ।
ਦੇਵੀ ਇਕ ਸਿਦਕ-ਮੁਹੱਬਤ ਦੀ, ਓਧਰ ਸੀ ਖਲੀ ਕਨਾਰੇ ’ਤੇ।
ਉਹ ਭੋਲ਼ੀ ਨਿਰਛਲ ਸਾਫ਼-ਦਿਲੀ, ਠਿਲ੍ਹ ਪਈ ਇਕ ਝੂਠੇ ਲਾਰੇ ’ਤੇ।
ਕੀ ਕੱਚੇ ਭਾਂਡੁੇ ਤੱਗਣਾ ਸੀ, ਸਭ ਖੁਰ ਗਿਆ ਘੜਾ ਨਸੀਬਾਂ ਦਾ।
ਦੁਖੀਆਂ ਦਾ ਸਾਥ ਨਾ ਨਿਭਦਾ ਏ, ਬਣਦਾ ਨਹੀਂ ਕੋਈ ਗ਼ਰੀਬਾਂ ਦਾ।
ਛੱਲਾਂ ਦੇ ਥੱਪੜ ਸਹਿੰਦੀ ਸੀ, ਲਹਿਰਾਂ ਦੇ ਨਾਲ਼ ਪਈ ਲੜਦੀ ਸੀ।
‘ਨਿਭ ਜਾਵੇ ਨਾਲ਼ ਪਿਆਰੇ ਦੇ’, ਮੂੰਹੋਂ ਇਹ ਕਲਮਾ ਪੜ੍ਹਦੀ ਸੀ।
ਪਲ ਵਿਚ ਬੇੜੀ ਉਸ ਸ਼ੁਹਦੀ ਦੀ, ਦੱਬੀ ਗਈ ਹੇਠ ਤਰੰਗਾਂ ਦੇ।
ਆਸਾਂ ਦਾ ਉੱਜੜ ਬਾਗ਼ ਗਿਆ, ਢਹਿ ਗਏ ਸਭ ਮਹਿਲ ਉਮੰਗਾਂ ਦੇ।
ਆਖ਼ਰ ਨੂੰ ਮੌਤ ਹਕੀਕੀ ਨੇ, ਜੀਵਨ ਦੇ ਬੇੜੇ ਤਾਰ ਦਿੱਤੇ।
ਗੋਰੀ ਦੀਆਂ ਕਾਲ਼ੀਆਂ ਜ਼ੁਲਫ਼ਾਂ ਦੇ ਖੋਲ੍ਹੇ ਵਲ਼ ਕੇਸ ਖਿਲਾਰ ਦਿੱਤੇ।
ਉਸ ਸੁਹਲ ਨੂੰ ਅਪਣੀ ਗੋਦੀ ਵਿਚ, ਲੈ ਨਿਤ ਦੀ ਨੀਂਦ ਦੀ ਸੁਆ ਦਿੱਤਾ।
ਦੁਨੀਆ ਦੀ ਨਜ਼ਰੋਂ ਓਹਲੇ ਕਰ, ਪ੍ਰੀਤਮ ਦੇ ਦੇਸ ਪੁਚਾ ਦਿੱਤਾ।
ਇਕ ਸੋਹਣੀ ਨਹੀਂ, ਇਕ ਹੀਰ ਨਹੀਂ, ਸਾਹਿਬਾਂ ਨਹੀਂ, ਇਕ ਜਲਾਲੀ ਨਹੀਂ।
ਜਿਸ ਜਿਸ ਨੂੰ ਪਾਣ ਝਨਾਂ ਦੀ ਏ, ਇਕ ਦਿਲ ਵੀ ਇਸ਼ਕੋਂ ਖ਼ਾਲੀ ਨਹੀਂ।
ਜਾਦੂ ਕੀ ਏ ਇਹਦੇ ਪਾਣੀ ਵਿਚ, ਜਿਹੜਾ ਵੀ ਗੁੜ੍ਹਤੀ ਲੈਂਦਾ ਏ।
ਛੱਡ ਜੱਦੀ ਤਖ਼ਤ ਹਜ਼ਾਰੇ ਨੂੰ, ਰਾਂਝੇ ਦੀ ਮੰਡੀਂ ਪੈਂਦਾ ਏ।
ਨਹੀਂ ਖ਼ਬਰ ਜ਼ਮਾਨੇ ਗੁਜ਼ਰੇ ਦੀ, ਕਿਸ ਕਿਸ ਨੂੰ ਪ੍ਰੇਮ ਸਿਖਾਇਆ ਇਸ।
ਕਿਸ ਕਿਸ ਦੀ ਇਜ਼ਤ ਰੋਲ਼ੀ ਇਸ, ਕਿਸ ਕਿਸ ਨੂੰ ਚਾਕ ਬਣਾਇਆ ਇਸ।
ਰੱਬ ਕਰੇ, ਇਹ ਇਸ਼ਕ-ਝਨਾਂ ਲੋਕੋ! ਰਹਿੰਦੀ ਦੁਨੀਆ ਤਕ ਵਗਦੀ ਰਹਿ।
‘ਸੀਤਲ’ ਜੀ, ਜੋਤ ਮੁਹੱਬਤ ਦੀ, ਦਿਲ ਮੰਦਰ ਦੇ ਵਿਚ ਜਗਦੀ ਰਹਿ॥
(੨੭-੩-੧੯੩੯)
t t t t t t t t t t t t t t t
ਝਨਾਂ
ਵੀਰਾ ਰਾਹੀਆ
ਜੇ ਚੱਲਿਐਂ ਤੂੰ ਦੇਸ ਬੰਗਾਲੇ
ਇਕ ਦੋ ਲੜੇ ਝਨਾਂ ਸਾਡੇ ਦੇ ਲੈਂਦਾ ਜਾਈਂ
ਵਰ੍ਹਿਆਂ ਤੋਂ ਅਣ-ਵਰਤੇ ਪਾਣੀ ਇਸ਼ਕ ਝਨਾਂ ਦੇ
ਲੋਕਾਂ ਭਾਣੇ ਬੁੱਸ ਚੱਲੇ ਨੇ
ਇਸ ਦਰਿਆ ਦੇ ਕੰਢੇ ਉੱਤੇ ਵੱਸਦੇ ਬੰਦੇ
ਅਪਣੇ ਆਪ ਤੋਂ ਰੁਸ ਚੱਲੇ ਨੇ
ਮੈਂ ਸੁਣਿਆ ਹੈ ਦੇਸ ਬੰਗਾਲੇ
ਥਾਣੀਂ ਸਾਡੇ ਲੋਕੀਂ ਲੰਘੇ
ਹੱਥਿਓਂ ਟੁੱਟੇ ਟੋਕੇ ਵਾਂਗੂੰ
ਗਏ ਕੁਤਰਦੇ ਓਥੋਂ ਦੇ ਲੋਕਾਂ ਨੂੰ
ਪੱਠਿਆਂ ਦੱਥਿਆਂ ਵਾਂਗੂੰ
ਰਾਹਾਂ ਉਪਰ ਲੇਥੂੰ-ਪੇਥੂੰ ਮਿੱਝ ਮਾਸ ਦੀ ਤੱਤੀ ਘਾਣੀ
ਸੜਕਾਂ ਉਪਰ ਨੰਗੀ ਪਈ ਨਮੋਸ਼ੀ ਸਾਡੀ
ਵੀਰਾ ਰਾਹੀਆ
ਉਹਨੀਂ ਰਾਹੀਂ ਡੁੱਲ੍ਹਣ ਦੇਵੀਂ ਇਸ ਦਰਿਆ ਨੂੰ
ਵਰ੍ਹਿਆਂ ਤੋਂ ਅਣ-ਵਰਤੇ ਪਾਣੀ
ਲੱਗਣ ਦੇਵੀਂ ਅਪਣੇ ਆਹਰੇ
ਆਪੇ ਲੋਕ ਪਛਾਣ ਲੈਣਗੇ
ਇਸ਼ਕ ਕਦੇ ਨਾ ਜਾਣ ਜੰਗਾਲੇ
ਅਜੇ ਝਨਾਂ ਦੇ ਕੰਢੇ ਵੱਸਣ ਬੰਦੇ ਮਿਹਰ ਮੁਹੱਬਤ ਵਾਲੇ
ਵੀਰਾ ਰਾਹੀਆ
ਜੇ ਚਲਿਐਂ ਤੂੰ ਦੇਸ ਬੰਗਾਲੇ
ਇਕ ਦੋ ਲੜੇ ਝਨਾਂ ਸਾਡੇ ਦੇ ਲੈਂਦਾ ਜਾਈਂ
ਸਾਨੂੰ ਅਪਣੇ ਪਾਣੀ ਉੱਤੇ ਬੜੀ ਆਸ ਹੈ
ਅਲਫ਼ ਦੁਪਹਿਰ (1972). ਬੰਗਲਾਦੇਸ਼ ਦੀ ਲੜਾਈ ਵੇਲੇ ਲਿਖੀ ਕਵਿਤਾ. ਬੰਗਾਲੀ ਲੋਕਾਂ ਉਪਰ ਜ਼ੁਲਮ ਢਾਹੁਣ ਵਾਲ਼ੀ ਪਾਕਿਸਤਾਨੀ ਫ਼ੌਜ ਵਿਚ ਵਧੇਰੇ ਪੰਜਾਬੀ ਹੀ ਸਨ.
t t t t t t t t t t t t t t t
1944
ਨਦੀ ਦਾ ਗੀਤ
ਚੰਗੀ ਨਦੀਏ ਨੀ –
ਹੌਲ਼ੀ ਹੌਲ਼ੀ ਆਈਂ
ਕੱਸੀਆਂ ਵਿਚੋਂ ਖਾਲ਼ਾਂ ਵਿੱਚੋਂ
ਲਿਸ਼-ਲਿਸ਼ ਕਰਦੀ ਆਈਂ
ਕਿਰਣਾਂ ਭਰਦੀਏ ਨੀ
ਲਿਸ਼-ਲਿਸ਼ ਕਰਦੀ ਜਾਈਂ
ਸੁੰਨੀਆਂ ਸੁਨੀਆਂ ਰੋਹੀਆਂ ਦੇ ਵਿਚ
ਸਾਵੇ ਖੇਤ ਉਗਾਈਂ
ਲੰਮੀਏਂ ਲੰਝੀਏ ਨੀ
ਸਾਵੇ ਖੇਤ ਉਗਾਈਂ
ਸੰਖ, ਕੌਡੀਆਂ, ਪੱਥਰ, ਕੰਕਰ
ਸਭੋ ਰੋੜ ਲਿਆਈਂ
ਝੱਲ ਮੁਟਿਆਰੇ ਨੀ
ਸਭੋ ਰੋੜ ਲਿਆਈਂ
ਸ਼ੂਕਣ ਤੇਰੀਆਂ ਝੱਲੀਆਂ ਲਹਿਰਾਂ
ਨੱਚਦੀ ਨੱਚਦੀ ਆਈਂ
ਬਾਂਕੀਏ ਨਾਰੇ ਨੀ
ਨੱਚਦੀ ਨੱਚਦੀ ਜਾਈਂ
ਕੰਢਿਆਂ ਉੱਤੇ ਲੋਕੀ ਵੱਸਦੇ
ਛਲਕ ਨਾ ਕਿਧਰੇ ਜਾਈਂ
ਜੋਬਨ ਮੱਤੀਏ ਨੀ
ਛਲਕ ਨਾ ਕਿਧਰੇ ਜਾਈਂ
ਚੰਗੀਏ ਨਦੀਏ ਨੀ
ਹੌਲ਼ੀ ਹੌਲ਼ੀ ਜਾਈਂ
t t t t t t t t t t
(1947)
ਫ਼ਰੇਜ਼ਰ ਦਰਿਆ
੧.
ਬਰਫ਼ੀਲੇ ਪਰਬਤਾਂ ਦੇ ਪੈਰੀਂ
ਵਗਦੀ ਸੀਤ ਨਦੀ ’ਚ
ਜਦ ਬਾਪ ਦੇ ਫੁੱਲਾਂ ਨੂੰ ਤਾਰਿਆ
ਗੰਗਾ, ਜਮਨਾ ਤੇ ਸਤਲੁੱਜ ਦੀ
ਰਹਿ ਰਹਿ ਕੇ ਆਉਂਦੀ ਯਾਦ ਨੂੰ
ਅੰਦਰੇ ਹੀ ਅੰਦਰ ਮਾਰਿਆ
ਹੁਣ ਜਦ ਵੀ ਖ਼ਿਆਲ ਬਾਪ ਦਾ ਆਵੇ
ਸੀਤ ਨਦੀ ਹੀ ਮਨ ’ਚ ਆਵੇ
ਇਕ ਟੁੱਟਦਾ ਰਿਸ਼ਤਾ ਆਖ਼ਿਰ
ਇਜ ਜਨਮ ਨਵੇਂ ਨੂੰ ਦੇ ਜਾਵੇ
ਕਿੰਜ ਬਦਲੇ ਨੇ ਮੇਰੇ ਲਈ
ਅਰਥ ਅਜਨਬੀ ਥਾਵਾਂ ਦੇ
ਖਬਰੇ ਇਹੀ ਹੁੰਦੇ ਨੇ ਰਿਸ਼ਤੇ
ਬੰਦਿਆਂ ਨਾਲ਼ ਦਰਿਆਵਾਂ ਦੇ
੨.
ਯਾਰ ਮੇਰੇ ਦਰਿਆ
ਇਸ ਮੋੜ ’ਤੇ ਆ
ਤੈਨੂੰ ਕਿੱਦਾਂ ਲੱਗਦਾ?
ਉਹ ਪਰ੍ਹੇ
ਚੰਦ ਕਦਮਾਂ ’ਤੇ
ਸਫ਼ਰ ਤੇਰਾ ਇਹ ਮੁੱਕ ਜਾਣਾ ਹੈ
ਕੁਝ ਪਲਾਂ ਲਈ
ਸਾਗਰ ਵਿਚ ਤੂੰ
ਦਿਸੇਂਗਾ ਵੱਖਰਾ
ਫੇਰ ਤੈਂ ਸਾਗਰ ਸੰਗ
ਸਾਗਰ ਹੋ ਜਾਣਾ ਹੈ
ਆਖ਼ਿਰ ਵੇਲੇ
ਇਹ ਘੁੰਮਣ ਘੇਰੀਆਂ?
ਤੇਰੇ ਮਨ ਵਿਚ ਕੀ ਆਉਂਦਾ ਹੈ?
ਯਾਰ ਮੇਰੇ ਦਰਿਆ
ਮੈਨੂੰ ਦਸ ਜ਼ਰਾ
t t t t t t t t t t
(1954)
ਚੰਦ੍ਰਭਾਗਾ
ਰੱਤਾ ਪਾਣੀ
ਕਰੇ ਕਹਾਣੀ
ਪਾਣੀ ਦੀ ਤਾਸੀਰ ਅਜੇਹੀ
ਸਤ ਸਮੁੰਦਰ ਧਰਤੀ ਅੰਦਰ
ਹਰੀਅਲ ਘਾਹ ਦੀਆਂ ਛੱਲਾਂ
ਵਗਦੇ ਪਾਣੀਆਂ ਅੰਦਰ ਬਿੜਕਣ
ਸਾਡੀਆਂ ਕੀਤੀਆਂ ਗੱਲਾਂ
ਮਤ ਸਤ ਸਾਡੇ ਕੰਢਿਆਂ ਉੱਤੇ
ਜੰਮ ਜੰਮ ਸ਼ਹਿਰ ਵਸਾਏ
ਗਾਈਆਂ ਦੇ ਗਲ਼ ਕੈਂਠੇ ਲਿਸ਼ਕੇ
ਫੁੱਟੀਆਂ ਰੰਗ ਮਚਾਏ
ਜੈਂ ਮਾਂ ਜੰਮ ਕੇ ਚੱਟਿਆ ਨਾਹੀਂ
ਉਹ ਵੀ ਆਣ ਧਿਆਏ
ਅਸਾਂ ਇਥਾਹੀਂ ਖਿੱਲਰੇ-ਪੁੱਲਰੇ
ਵਖਰੇ ਵਖਰੇ ਮੋਏ
ਹਰਨੋਂ ਮਰਨੋਂ ਸੌਖਾ ਸੀ
ਅਸੀਂ ਕੌਡੀ ਕੌਡੀ ਹਰ ਗਏ
ਧੜ ਮਿੱਟੀ ਵਿਚ ਮਿੱਟੀ ਭਾਵੇਂ
ਸਿਰ ਤਲ਼ੀਆਂ ’ਤੇ ਧਰ ਗਏ
ਅੱਖ ਤੱਕਣੀ ਵਿਚ ਚਾਨਣ ਫੁੱਲਰੇ
ਘੁਪ ਹਨੇਰਾ ਪਾੜੇ
ਤੂੰ ਪੁਰਖਾਂ ਦਾ ਹਾਣੀ ਚੰਦਰਾ
ਸੁਣ ਸੁਣ ਥੱਕਿਓਂ ਹਾੜੇ
ਪੀਰ ਝਨਾਂ ਤੇਰੇ ਕੰਢਿਆਂ ਉੱਤੇ
ਪੰਛੀ ਪਾਣੀ ਪੀਂਦੇ
ਅਜੇ ਵੀ ਟੁੰਡ-ਮੁੰਡ ਰੁੱਖਾਂ ਅੰਦਰ
ਸਾਵੇ ਪੱਤਰ ਜੀਂਦੇ
ਸੁੱਤਿਆਂ ਪੱਤਰਾਂ ਅੱਖ ਪੱਟਣੀ
ਤੇ ਅਸਾਂ ਵੀ ਹਰਿਆਂ ਹੋਣਾ
ਐਵੇਂ ਪਿਛਲੇ ਮੋਇਆਂ ਨੂੰ
ਕਿਉਂ ਅੰਦਰੀਂ ਬਹਿ ਬਹਿ ਰੋਣਾ
ਰਲ਼-ਮਿਲ਼ ਸੰਗਤਾਂ ਦੁੱਖ ਸੁੱਖ ਕਰਨਾ
ਪਿਛਲੇ ਧੋਣੇ ਧੋਣਾ
ਚੰਦਰਭਾਗਾ ਵਗਦਾ ਵੱਸੇਂ
ਤੂੰ ਪੁਰਖਾਂ ਦਾ ਹਾਣੀ
ਪਾਣੀ ਕਰੇ ਕਹਾਣੀ
* ਚੰਦਰਭਾਗਾ: ਦਰਿਆ ਝਨਾਂ ਦਾ ਪੁਰਾਤਨ ਨਾਂ. ਇਹਦਾ ਮੁੱਢ ਹਿਮਾਲਾ ਦਾ ਚੰਦ੍ਰਭਾਗ ਨਾਮਕ ਅਸਥਾਨ ਹੈ. ਝਨਾਂ ਦੇ ਕੰਢੇ ਵੱਸਿਆ ਸ਼ਹਿਰ ਵਜ਼ੀਰਾਬਾਦ ਕਵੀ ਦੀ ਜੰਮਣ-ਭੋਇੰ ਹੈ.
t t t t t t t t t t
(1954)
ਟ੍ਹੇਮਜ਼ ਦਰਿਆ
ਟ੍ਹੇਮਜ਼
ਤੂੰ ਮੇਰਾ ਸਤਲੁਜ
ਮੇਰੀ ਗੰਗਾ
ਮੇਰੀ ਜਮਨਾ
ਮੇਰੇ ਗ੍ਰਹਿ ਆਉਂਦੀ ਜਲਧਾਰਾ
ਮੇਰੇ ਸ਼ਹਿਰ ਲੰਡਨ ਦੀ ਸ਼ਾਹਰਗ
ਟ੍ਹੇਮਜ਼
ਤੇਰੇ ਤੱਟ ਸੁੁਹਾਵੇ
ਏਥੇ ਰਾਤੀਂ ਚਾਨਣ
ਨਿੱਤ ਤੈਰਨ ਆਵੇ
ਰੰਗਾਂ ਦੀ ਮਹਿਫ਼ਿਲ
ਕੰਢਿਆਂ ’ਤੇ ਲਾਵੇ
ਕੋਈ ਪ੍ਰੇਮ-ਗੀਤ
ਤਾਰਾਂ ਛਣਕਾ
ਤੇਰੇ ਤੋਂ ਵਾਰੇ
ਟ੍ਹੇਮਜ਼
ਤੇਰੇ ’ਤੇ ਘੁੰਮਦੀ
ਹੈ ‘ਲੰਡਨ ਆਈ’ ਪੰਘੂੜਾ
ਜੋ ਚੁੱਕ ਸੈਲਾਨੀ
ਉੱਚਾ ਉੱਠਦਾ
ਲੰਡਨ ਦੀਆਂ ਗਲ਼ੀਆਂ ਬਾਗਾਂ
ਤੇ ਦੂਰ ਦ੍ਰਿਸ਼ਾਂ ਨਾਲ਼ ਜਾ ਜੁੜਦਾ
ਟ੍ਹੇਮਜ਼
ਤੇਰੀ ਵਾਟ ਲੰਮੇਰੀ
ਦੋ ਸੌ ਮੀਲ ਗਾਹੁ ਕੇ
ਪਾਈ ਲੰਡਨ ਫੇਰੀ
ਰੋਮਨ ਵਾਈਕਿੰਗ ਵੇਖ ਕੇ
ਤੇਰੀ ਦਿੱਖ ਸੁਨੱਖੀ
ਡੇਰੇ ਲਾਏ ਉਨ੍ਹਾਂ ਨੇ
ਤੇਰੇ ਕੰਢਿਆਂ ਵੱਸੀ
ਜੁਬਲੀ ਵੀ ਤੇਰੇ ਵਿਚ ਵਹਿ ਕੇ
ਹੀ ਘਰ ਘਰ ਪੁੱਜੀ
ਟ੍ਹੇਮਜ਼
ਤੇਰੇ ਵਿਚ ਠਿਲ੍ਹ ਕੇ
ਜਦੋਂ ਸੇਂਟ-ਪੌਲਜ਼ ਗਿਰਜੇ
ਕਿਊ ਗਾਰਡਨਜ਼
ਤੇ ਗਰੈਨਿਚ ਜਾਵਾਂ
ਜਾਂ ਟਾਵਰ-ਬ੍ਰਿੱਜ ਚੜ੍ਹ
ਦੂਰ ਤਕ ਮੈਂ ਨਜ਼ਰ ਵਿਛਾਵਾਂ
ਤੇਰੀ ਸੱਪ-ਵਲ਼ ਖਾਂਦੀ ਨਦੀਆ
ਕਵਿਤਾ ਕਵਿਤਾ ਲਗਦੀ
ਲੰਡਨ ਦੀਆਂ ਗਲ਼ੀਆਂ ਵਿਚ
ਤੇਰੀ ਮਹਿਕ ਵਸੇਂਦੀ
ਸ਼ਹਿਰ ਲੰਡਨ ਦੀਆਂ ਗਲ਼ੀਆਂ ਵਿਚ
ਤੇਰੀ ਜੈ ਜੈ ਹੁੰਦੀ
ਸਤਲੁਜ
ਬਾਲਪਨ ਵਿਚ ਮੈਂ ਡਿੱਠਾ
ਸਤਲੁਜ ਠਾਠਾਂ ਮਾਰੇ
ਦਿਸਹੱਦੇ ਤਕ ਪਾਣੀ ਦਾ ਝਲਕਾਰਾ
ਵੇਖਦਿਆਂ ਦਹਿ ਆਵੇ
ਉੱਤੋਂ ਦੋ ਪੁਲ਼ ਲੰਘਦੇ
ਗੱਡੀ ਲੰਘਦੀ ਖੜ ਖੜ ਕਰਦੀ
ਸ਼ਾਇਦ ਉਹ ਵੀ ਦਰਿਆ ਤੋਂ ਡਰਦੀ
ਕੜ ਕੜ ਕੜ ਕੜ ਕਰਦੀ
ਪੁਲ਼ ’ਤੇ ਜਾਂਦੀ ਬੱਸ ’ਚੋਂ
ਬਾਰੀ ਖੋਲ੍ਹ ਕੇ
ਰਾਹੀ ਜਲ ਵਿਚ ਨਾਰੀਅਲ ਸੁੱਟਦੇ
ਖ਼ੁਆਜੇ ਪੀਰ ਦੀ ਮੰਨਤ ਮੰਨਦੇ
ਪੰਜ ਦਹਾਕੇ ਬੀਤ ਗਏ ਨੇ
ਹੁਣ ਸਤਲੁਜ ਨਾਲ਼ਾ ਬਣਿਆ ਸੀ
ਤਲ ’ਤੇ ਉੱਖੜਿਆ ਉੱਖੜਿਆ ਰੇਤਾ
ਮਾਰੂਥਲ਼ ਦੇ ਦ੍ਰਿਸ਼ ਜਿਹਾ ਸੀ
ਵਿਚ ਡੁਬਕਦੀ ਕਿਸ਼ਤੀ ਭਟਕੀ
ਗਿੱਟੇ-ਗਿੱਟੇ ਪਾਣੀ ਵਿਚ ਅਟਕੀ
ਨਾ ਕੋਈ ਲੁੱਡਣ ਮਾਂਝੀ ਹੀ ਵਿਚ
ਨਾ ਵੰਝਲੀ ਦਾ ਰਾਗ ਹਵਾ ਵਿਚ
ਇਹ ਮੰਜ਼ਰ ਉਦਾਸ ਬਹੁਤ ਸੀ
ਹੁਣ ਸਤਲੁਜ ਬਸ ਜਲ-ਧਾਰਾ ਸੀ
ਯੁਵਾ ਤੋਂ ਫਿਰ ਬੱਚਾ ਬਣ ਕੇ
ਰੇਤੇ ਉੱਤੇ ਰੀਂਘ ਰਿਹਾ ਸੀ
t t t t t t t t t t
(1965)
ਨਦੀਏ ਨੀਂ
ਨਦੀਏ ਨੀਂ ਪਿਆਰੀਏ ਨਦੀਏ
ਮਿਲਣ ਤੈਨੂੰ ਜਦ ਆਵਾਂ
ਮੈਂ ਤੇਰੇ ਤੋਂ ਤੈਨੂੰ ਮੰਗਾਂ
ਤੂੰ ਮੈਥੋਂ ਸਿਰਨਾਵਾਂ
ਨਾ ਹਿਰਖਾਂ ਨਾ ਚੀਕ ਪੁਕਾਰਾਂ
ਨੀਰ ਤੇਰੇ ਦੇ ਛਿੱਟੇ ਮਾਰਾਂ
ਚੋਭੀ ਅੱਖ ਹਵਾਵਾਂ
ਹਰ ਥਲ ਦਾ ਕੋਈ ਤਲ ਹੁੰਦਾ
ਮੇਰਾ ਆਪਾ ਜਲ ਥਲ ਹੁੰਦਾ
ਜਦ ਤੇਰੇ ਵਿਚ ਨ੍ਹਾਵਾਂ
ਬਦਨ ਤੇਰੀ ਰੂਹ ਦਾ ਪਹਿਰਾਵਾ
ਇਹ ਪਹਿਰਾਵਾ ਨਹੀਂ ਛਲਾਵਾ
ਹੱਥ ਲਾਵਾਂ ਕਿ ਨਾ ਲਾਵਾਂ
ਤੂੰ ਤੇ ਮੈਂ ਨਾ ਭਾਵੇਂ ਹਾਣੀਂ
ਪਾਣੀ ਜੇਡ ਪਿਆਸ ਪੁਰਾਣੀ
ਪੀਵਾਂ ਕਿ ਮਰ ਜਾਵਾਂ
ਕੀ ਲੈਣਾ ਜਾ ਪਰਲੇ ਕੰਢੇ
ਹਰ ਕੰਢਾ ਜੋੜੇ ਤੇ ਵੰਡੇ
ਮੈਂ ਵਿਚ ਡੁੱਬਣਾ ਚਾਹਵਾਂ
ਆਦਿ ਅੰਤ ਬਿਨ ਤੂੰ ਲਮੇਰੀ
ਡੂੰਘੀ ਰਾਤ ਦੇ ਵਾਂਗ ਡੂੰਘੇਰੀ
ਮੈਂ ਇਕ ਕਿਣਕਾ ਗਾਵਾਂ
ਨਦੀਏ ਨੀਂ ਪਿਆਰੀਏ ਨਦੀਏ
ਮਿਲਣ ਤੈਨੂੰ ਜਦ ਆਵਾਂ
ਮੈਂ ਤੇਰੇ ਤੋਂ ਤੈਨੂੰ ਮੰਗਾਂ
ਤੂੰ ਮੈਥੋਂ ਸਿਰਨਾਵਾਂ
t t t t t t t t t t
(1979)
ਸਤਲੁਜ ਤੇ ਦਸਮੇਸ਼
ਸਤਿਗੁਰ ਬੁੱਝਣ ਸਤਲੁਜ ਚੜ੍ਹਿਆ
ਤੱਕਣ ਨਜ਼ਰ ਉਠਾਇਕੇ
ਚਲੋ ਸਿੰਘੋ ਅੱਜ ਡੇਰਾ ਕਰੀਏ
ਦਰਿਆ ਕੰਢੇ ਜਾਇਕੇ
ਗੰਨਿਉਂ ਲੰਮਿਆਂ ਸਰਕੜਿਆਂ ਦੇ
ਫੁੰਬੇ ਉਡਣ ਮਲੂਕ ਜਹੇ
ਪੰਛੀ ਦਰਿਆ ਪੌਣ ਕੰਢੇ
ਕਿੰਨੇ ਹੀ ਦਿਲ ਕੂਕ ਰਹੇ
ਸਤਿਗੁਰ ਲਾਇਆ ਸੀਤ ਚੌਂਕੜਾ
ਸੰਗਤ ਲਾਗੇ ਆਣ ਜੁੜੀ
ਟਿਕੀਆਂ ਚਿਰ ਦੀਆਂ ਬਿਹਬਲ ਲਹਿਰਾਂ
ਕਵਿਤਾ ਸਹਿਜੇ ਆਣ ਟੁਰੀ
ਸ਼ਾਇਰ ਨੰਦ ਜੀ-ਸ਼ਾਇਰ ਸਿੰਘ ਜੀ
ਸ਼ਾਇਰ-ਪਿਤਾ ਸ਼ਾਇਰ ਸੰਗ ਜੀ
ਬਚਨ ਅਨੰਦ ਜੀ ਵਸਣ ਅਨੰਦ ਜੀ
ਚੋਜੀ ਦੇ ਵੱਖਰੇ ਪ੍ਰਸੰਗ ਜੀ
ਸਤਲੁਜ ਕੰਢੇ ਟਹਿਲਣ ਸਤਿਗੁਰ
ਹਿਰਦਾ ਭਰਿਆ ਪਿਆਰਾਂ ਦਾ
ਅੰਤ ਨਾ ਤੇਰੇ ਚੋਜਾਂ ਦਾ ਕੋਈ
ਮੁੱਲ ਨਾ ਤੇਰੇ ਦੀਦਾਰਾਂ ਦਾ
ਅਪਣੀ ਧੁਨ ਵਿਚ ਤੁਰੇ ਜਾਂਦਿਆਂ
ਪੱਥਰ ਝੁੱਕ ਕੇ ਚੁੱਕਦੇ ਨੇ
ਲਾਗੇ ਵਗਦੇ ਨੀਰ ਦੇ ਵੱਲੇ
ਸਹਿਜੇ ਹੀ ਸਤਿਗੁਰ ਸੁੱਟਦੇ ਨੇ
ਆਖ਼ਿਰ ਕਿਉਂ ਹੈ ਡੁੱਬਿਆ ਪੱਥਰ
ਸਤਿਗੁਰ ਹੱਸ ਕੇ ਜਾਣ ਰਹੇ
ਸਿੰਘਾਂ ਦੀ ਸੰਤੋਖੀ ਰੂਹ ਦਾ
ਰਸ ਜਿਉਂ ਪ੍ਰੀਤਮ ਮਾਣ ਰਹੇ
ਕਿਸੇ ਆਖਿਆ ਭਾਰਾ ਪੱਥਰ
ਕਿਸੇ ਆਖਿਆ ਕੱਲਾ ਹੇੈ
ਸ਼ਾਇਰ ਨੰਦ ਜੀ ਝੁੱਕ ਕੇ ਬੋਲੇ
ਤੇਰਾ ਛੁੱਟਿਆ ਪੱਲਾ ਹੈ
ਜੋ ਵੀ ਤੇਰੇ ਹੱਥੋਂ ਛੁੱਟ ਕੇ
ਅਪਣੀ ਦਾਈ ਪੁੱਗੇਗਾ
ਪੱਥਰ ਦੀ ਥਾਂ ਪੱਤਰ ਹੋਵੇ
ਮੇਰੇ ਪਾਤਸ਼ਾਹ ਡੁੱਬੇਗਾ
ਸ਼ਾਇਰ ਗੁਰ ਦੀਆਂ ਡੂੰਘੀਆਂ ਰਮਜ਼ਾਂ
ਸ਼ਾਇਰ ਦਿਲ ਦੀ ਜਾਣ ਸਕੇ
ਅੱਜ ਵੀ ਮੈਨੂੰ ਇਉਂ ਲੱਗਦਾ ਹੈ
ਗੁਰ ਦੇ ਹੱਥੋਂ ਅਸੀਂ ਛੁਟੇ
ਰਾਵੀ ਕੰਢੇ ਬੈਠਾ ਕੌਣ
ਮੰਦ-ਮੰਦ ਵੱਗੇ ਪੌਣ
ਰਾਵੀ ਕੰਢੇ ਬੈਠਾ ਕੌਣ?
ਅੰਮ੍ਰਿਤ ਵੇਲਾ, ਆਸਾ ਟੋਰੀ
ਜਿਉਂ ਕਰਤਾਰੀ ਬਰਸੇ ਲੋਰੀ
ਛਿੜੇ ਰਬਾਬ ਵੇਲ ਰੁਕ ਜਾਏ
ਸੁੱਕਾ ਸਾਵਾ ਭੇਤ ਨਾ ਪਾਏ
ਕਿਸੇ ਕਿਹਾ ਫ਼ਕੀਰ ਹੈ ਕੋਈ
ਕਿਸੇ ਕਿਹਾ ਅਖ਼ੀਰ ਹੈ ਕੋਈ
ਕਿਸੇ ਦੇ ਮੁੱਖ ਤੋਂ ਬਉਰਾ ਸੁਣਿਆ
ਵਿਰਲੇ ਮੁੱਖ ਤੋਂ ਗਉਰਾ ਸੁਣਿਆ
ਦੇਵੀ ਲੋਕੀਂ ਛਿੜ ਪਏ ਗਉਣ
ਆਖ਼ਿਰ ਬਉਰਾ ਰਾਵਲ ਕੌਣ?
ਮੰਦ-ਮੰਦ ਵੱਗੇ ਪੌਣ
ਰਾਵੀ ਕੰਢੇ ਬੈਠਾ ਕੌਣ?
t t t t t t t t t t
ਹਾਇਕੂ
ਜਸਵਿੰਦਰ ਸਿੰਘ ਬਰਾੜ
ਦਿਲ ਦੇ ਰਾਜ਼
ਖੋਲ੍ਹਣੇ ਡਾਢੇ ਔਖੇ
ਡੇਗਣ ਤਾਜ।
* * *
ਇਸ਼ਕ ਤੇਰਾ
ਕੀ ਆਖਾ ਸੱਜਣਾ ਵੇ
ਹੈ ਹੱਜ ਮੇਰਾ।
* * *
ਕੇਹੀ ਹੈ ਯਾਦ
ਚੰਗੀ ਏ ਨਾ ਮਾੜੀ ਏ
ਫੋਕਾ ਸਵਾਦ।
* * *
ਮੈਂ ਇਹ ਸੋਚਾਂ
ਤੇਰਾ ਮੇਰਾ ਮਿਲਣਾ
ਕਿਸਦੀ ਲੋਚਾ।
* * *
ਕਿਹੜੀ ਗੱਲ
ਜੀਦਾ ਕਰ ਨਾ ਸਕੇ
ਨੀ ਤੂੰ ਮੈਂ ਹੱਲ।
* * *
ਵਧਦੇ ਪਾੜੇ
ਤੇਰਾ ਮੇਰਾ ਦੋਸ਼ ਨ੍ਹੀਂ
ਸਮਾਂ ਉਜਾੜੇ।
* * *
ਬੀਤੇ ਨੇ ਸਾਲ
ਨਾ ਮੈਂ ਹੀ ਜਾਣਾ ਨਾ ਤੂੰ
ਕੀ ਸਾਡੇ ਹਾਲ।
* * *
ਫੋਟੋ ਪੁਰਾਣੀ
ਪਰ ਦੇਖ ਕੇ ਲੱਗੇ
ਨਵੀਂ ਕਹਾਣੀ।
* * *
ਡੂੰਘੀਆਂ ਸੱਲਾਂ
ਉਮਰਾਂ ਦੀਆਂ ਵਾਟਾਂ
ਕੱਲਮ ਕੱਲਾ।
ਸੰਪਰਕ: 90414-61944
ਹਾਇਕੂ
ਪ੍ਰੋ. ਦਾਤਾਰ ਸਿੰਘ
ਯਾਦ ਕਰੇਂਦੀ
ਵੇਈਂ ਬਾਬੇ, ਹੋ ਗਈ
ਰੰਗ ਵਿਹੂਣੀ
* * *
ਸਿਰ ਚੁੱਕਣ
ਨਾ ਮੁਸੀਬਤਾਂ, ਡੌਲੇ
ਉੱਭਰੇ ਵੇਖ
* * *
ਜੰਗ ਕਰੋਨਾ
ਗਲ਼ ਪਈ, ਜਿੱਤਣ
ਹਿੱਤ ਉਦੇਸ਼
* * *
ਹੇਠ ਕਰੋਨਾ
ਦਬ ਗਏ, ਮਸਲੇ
ਜੱਗ ਜਹਾਨ
* * *
ਛੋਹ ਸਰੀਰੇ
ਮਚਲਦਾ, ਕਰੋਨਾ
ਦਿਲੇ ਸਵਾਰ
* * *
ਅੱਧ ਅਧੂਰੇ
ਹੀ ਰਹਿਣ, ਸ਼ਾਸਕ
ਦੇ ਧਰਵਾਸ
* * *
ਚੁਣਦੇ ਸਭ
ਤਬਲੀਗ ਦੇ, ਲਾਗ
ਲਬੇੜੇ ਸੇਬ
* * *
ਝਾਂਬੇ ਝੱਲਨ
ਝੱਖੜਾਂ, ਸਿਰ ਨੀਵੇਂ
ਕਰਕੇ ਰੁੱਖ
* * *
ਨਹੀਂ ਮਿਲਦੀ
ਖ਼ੂਨ ਦੀ ਬੋਤਲ ਤੇ
ਦਾਨੀ ਦੀ ਜਾਤ
* * *
ਭੂਤ ਵਸੰਦੇ
ਥੋਕ ਵਿੱਚ, ਚੇਲਿਆਂ
ਦੇ ਸਹਿਵਾਸ
* * *
ਭਲੇ ਦਾ ਕੰਮ
ਭਾਵੇਂ ਰੂੜੀ ਤੇ ਖਲੋ
ਕੇ ਕਰ ਲਉ
* * *
ਬੁੱਕੀਂ ਭਰਕੇ
ਚਿੱਕੜ ਲਿਆਈਆਂ
ਚੋਣਾਂ ਆਈਆਂ।
ਸੰਪਰਕ: 98157-04108