ਪੱਤਰ ਪ੍ਰੇਰਕ
ਅੰਮ੍ਰਿਤਸਰ, 31 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਾਲਜਾਂ ਦਾ ‘ਏ’ ਜ਼ੋਨ ਜ਼ੋਨਲ ਯੁਵਕ ਮੇਲਾ ਅੱਜ ਇਥੇ ਸ਼ੁਰੂ ਹੋ ਗਿਆ। ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਨੇ ਇਸ ਮੌਕੇ ਵਿਦਿਆਰਥੀ-ਕਲਾਕਾਰਾਂ ਤੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਘੜੀ ਖਿੜੇ ਮੱਥੇ ਤੇ ਖੁਸ਼ ਰਹਿਣਾ ਜ਼ਿੰਦਗੀ ਨੂੰ ਸਹੀ ਮਾਅਨੇ ਵਿਚ ਜੀਣ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਉਮੰਗ ਵਿੱਚ ਰਹਿੰਦੇ ਅੱਗੇ ਵਧਦੇ ਰਹਿਣਾ ਅਤੇ ਜ਼ਿੰਦਗੀ ਵਿਚ ਹੋਣ ਦੇ ਸੁਆਲ ਨੂੰ ਲੱਭਣਾ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦਾ ਹੈ। ਉਨ੍ਹਾਂ ਕਿਹਾ ਜੇ ਸਾਡੇ ਅੰਦਰ ਸਫਰ ਦੀ ਪ੍ਰਵਿਰਤੀ ਹੈ ਤਾਂ ਜ਼ਿੰਦਗੀ ਕਦੇ ਵੀ ਨੀਰਸ ਨਹੀਂ ਜਾਪੇਗੀ ਤੇ ਸਹੀ ਅਰਥਾਂ ਵਿਚ ਜ਼ਿੰਦਗੀ ਸਮਝਣ ਦੇ ਪ੍ਰਮਾਣਿਕ ਸੁਆਲਾਂ ਦੀ ਤਲਾਸ਼ ਸਾਨੂੰ ਜ਼ਿੰਦਗੀ ਵਿਚ ਚੜ੍ਹਦੀਕਲਾ ਦੀ ਬਖਸ਼ਿਸ਼ ਕਰਦੀ ਰਹੇਗੀ। ਯੁਵਕ ਮੇਲੇ ਦੇ ਕਨਵੀਨਰ, ਡਾ. ਤੇਜਵੰਤ ਸਿੰਘ ਕੰਗ ਨੇ ਦੱਸਿਆ ਕਿ ਇਸ 3-ਦਿਨਾ ਮੇਲੇ ਵਿਚ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਵਿਦਿਆਰਥੀ-ਕਲਾਕਾਰ ਵੱਖ-ਵੱਖ ਕਲਾ/ਸਭਿਆਚਾਰਕ ਆਈਟਮਾਂ ਵਿਚ ਭਾਗ ਲੈ ਰਹੇ ਹਨ ਤੇ ਇਹ ਮੇਲਾ 2 ਨਵੰਬਰ ਤਕ ਚੱਲੇਗਾ। ਇਸ ਯੁਵਕ ਮੇਲੇ ਦੇ ਵੱਖ-ਵੱਖ ਮੁਕਾਬਲੇ ਦਸਮੇਸ਼ ਆਡੀਟੋਰੀਅਮ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਵੱਖ-ਵੱਖ ਸਟੇਜਾਂ ਜਿਵੇਂ ਗੁਰੂ ਨਾਨਕ ਭਵਨ, ਕਾਨਫਰੰਸ ਹਾਲ ਤੇ ਆਰਕੀਟੈਕਚਰ ਵਿਭਾਗ ਵਿੱਚ ਆਯੋਜਤ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਦਸਮੇਸ਼ ਆਡੀਟੋਰੀਅਮ ਵਿਚ ਭੰਗੜੇ ਤੋਂ ਇਲਾਵਾ ਅੱਜ ਹੋਏ ਮੁਕਾਬਲਿਆਂ ’ਚ ਸਮੂਹ ਸ਼ਬਦ/ਭਜਨ, ਸਮੂਹ ਗਾਇਨ (ਭਾਰਤੀ), ਲੋਕ ਸਾਜ਼ ਦੇ ਮੁਕਾਬਲੇ ਹੋਏ। ਕਲਾਸੀਕਲ ਇੰਸਟਰੂਮੈਂਟਲ (ਪਰਕਸ਼ਨ), ਕਲਾਸੀਕਲ ਇੰਸਟਰੂਮੈਂਟਲ (ਨਾਨ-ਪਰਕਸ਼ਨ), ਕਲਾਸੀਕਲ ਸੰਗੀਤ ਵੋਕਲ ਸੋਲੋ ਦੇ ਮੁਕਾਬਲੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਹੋਏ। ਆਰਕੀਟੈਕਚਰ ਸਟੇਜ `ਤੇ ਪੇਂਟਿੰਗ ਆਨ ਦ ਸਪਾਟ, ਕਾਰਟੂਨਿੰਗ, ਕੋਲਾਜ਼, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਆਨ ਦ ਸਪਾਟ ਫੋਟੋਗਰਾਫੀ, ਇੰਸਟਾਲੇਸ਼ਨ ਦੇ ਮੁਕਾਬਲੇ ਹੋਏ। ਕੁਇਜ਼ ਮੁਕਾਬਲੇ ਡੀਨ ਵਿਦਿਆਰਥੀ ਭਲਾਏ ਵਿਭਾਗ ’ਚ ਆਯੋਜਤ ਕੀਤੇ ਗਏ। ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਕਾਸਟਿਊਮ ਪਰੇਡ, ਮਾਈਮ, ਮਿਮਿਕਰੀ, ਸਕਿਟ, ਵਨ ਐਕਟ ਪਲੇਅ ਅਤੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਵਾਰ ਗਾਇਨ, ਕਵਿਸ਼ਰੀ, ਗੀਤ/ਗਜ਼ਲ, ਲੋਕ ਗੀਤ, ਲੋਕ ਸਾਜ਼ ਦੇ ਮੁਕਾਬਲੇ ਹੋਣਗੇ। ਆਰਕੀਟੈਕਚਰ ਵਿਭਾਗ ਦੀ ਸਟੇਜ `ਤੇ ਰੰਗੋਲੀ, ਫੁਲਕਾਰੀ, ਮਹਿੰਦੀ ਤੇ ਕਾਨਫਰੰਸ ਹਾਲ ਵਿਚ ਪੋਇਟੀਕਲ ਸਿੰਪੋਜ਼ੀਅਮ, ਐਲੋਕਿਊਸ਼ਨ, ਡੀਬੇਟ ਦੇ ਮੁਕਾਬਲੇ ਹੋਣਗੇ। 2 ਨਵੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਜਨਰਲ ਡਾਂਸ, ਗਿੱਧਾ ਤੇ ਗੁਰੂ ਨਾਨਕ ਭਵਨ ’ਚ ਵੈਸਟਰਨ ਵੋਕਲ (ਸੋਲੋ), ਵੈਸਟਰਨ ਗਰੁੱਪ ਸਾਂਗ, ਵੈਸਟਰਨ ਇੰਸਟਰੂਮੈਂਟਲ ਸੋਲੋ ਦੇ ਮੁਕਾਬਲੇ ਹੋਣਗੇ।