ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 12 ਨਵੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪੰਜਵਾਂ ਜ਼ੋਨਲ ਯੁਵਕ ਮੇਲਾ ਜਲੰਧਰ ਜ਼ਿਲ੍ਹੇ ਦੇ ਕਾਲਜਾਂ ਦੀਆਂ ਚਾਰ ਭੰਗੜੇ ਦੀਆਂ ਟੀਮਾਂ ਦੀਆਂ ਧਮਾਲਾਂ ਨਾਲ ਸ਼ੁਰੂ ਹੋਇਆ। ਦਸਮੇਸ਼ ਆਡੀਟੋਰੀਅਮ ਵਿੱਚ ਚਾਰ ਦਿਨਾਂ ਤਕ ਚੱਲਣ ਵਾਲੇ ਇਸ ‘ਸੀ ਜ਼ੋਨ’ ਦੇ ਯੁਵਕ ਮੇਲੇ ਵਿਚ ਵੱਖ-ਵੱਖ ਕਾਲਜਾਂ ਦੇ ਕਲਾਕਾਰ ਵਿਦਿਆਰਥੀ 35 ਤੋਂ ਵੱਧ ਵੱਖ-ਵੱਖ ਆਈਟਮਾਂ ਵਿਚ ਆਪਣੀ ਕਲਾ ਦੇ ਜੌਹਰ ਦਿਖਾਉਣਗੇ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਪੰਜਾਬ ਦੇ ਮੇਲਿਆਂ ਦੇ ਪੰਜਾਬੀਆਂ ਦੀ ਜ਼ਿੰਦਗੀ ਵਿਚ ਮਹੱਤਵ ਬਾਰੇ ਦੱਸਿਆ। ਉਨ੍ਹਾਂ ਨੇ ਵਿਦਿਆਰਥੀ ਕਲਾਕਾਰਾਂ ਨੂੰ ਸਮਰਪਣ ਭਾਵਨਾ ਨਾਲ ਸੱਭਿਆਚਾਰਕ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਡਾ. ਕਾਹਲੋਂ ਸਵਾਗਤ ਕੀਤਾ। ਸ਼ਮ੍ਹਾਂ ਰੌਸ਼ਨ ਦੀ ਰਸਮ ਸਮੇਂ ਉਨ੍ਹਾਂ ਨਾਲ ਡਾ. ਅਨੀਸ਼ ਦੂਆ ਅਤੇ ਯੁਵਕ ਭਲਾਈ ਵਿਭਾਗ ਦੇ ਸਲਾਹਕਾਰ ਬਲਜੀਤ ਸਿੰਘ ਸੇਖੋਂ ਵੀ ਹਾਜ਼ਰ ਸਨ। 15 ਨਵੰਬਰ ਤਕ ਚੱਲਣ ਵਾਲੇ ਵੱਖ-ਵੱਖ 35 ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਡਾ. ਅਨੀਸ਼ ਦੂਆ ਨੇ ਦੱਸਿਆ ਕਿ ਯੁਵਕ ਮੇਲੇ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਵਿਚ ਨਿਪੁੰਨਤਾ ਲਿਆਉਣਾ ਹੈ।
ਅੱਜ ਯੁਵਕ ਮੇਲੇ ਦੀ ਸ਼ੁਰੂਆਤ ਭੰਗੜੇ ਦੀ ਧਮਾਲ ਨਾਲ ਹੋਈ। ਇਸ ਵਿਚ ਵੱਖ-ਵੱਖ ਕਾਲਜਾਂ ਦੀਆਂ ਚਾਰ ਭੰਗੜਾਂ ਟੀਮਾਂ ਨੇ ਆਪਣੇ ਜੌਹਰ ਦਿਖਾਏ। ਰਵਾਇਤੀ ਪੰਜਾਬੀ ਮਰਦ ਪਹਿਰਾਵੇ ਵਿਚ ਕੁੜਤੇ-ਚਾਦਰੇ ਵਿਚ ਸ਼ਮਲੇ ਵਾਲੀਆਂ ਪੱਗਾਂ ਨਾਲ ਸੱਜੇ-ਫੱਬੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਪਹਿਲੇ ਦਿਨ ਯਾਦਗਾਰੀ ਹੋ ਨਬਿੜੀਆਂ। ਪਹਿਲੇ ਦਿਨ ਦਸਮੇਸ਼ ਆਡੀਟੋਰੀਅਮ ਦੀ ਸਟੇਜ ’ਤੇ ਹੋਏ ਮੁਕਾਬਲਿਆਂ ਵਿਚ ਸਮੂਹ ਸ਼ਬਦ/ਭਜਨ, ਸਮੂਹ ਗਾਇਨ ਭਾਰਤੀ, ਲੋਕ ਸਾਜ਼ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ। ਗੁਰੂ ਨਾਨਕ ਭਵਨ ਆਡੀਟੋਰੀਅਮ ਦੀ ਦੂਜੀ ਸਟੇਜ ’ਤੇ ਕਲਾਸੀਕਲ ਇੰਸਟਰੂਮੈਂਟਲ ਪਰਕਸ਼ਨ, ਕਲਾਸੀਕਲ ਇੰਸਟਰੂਮੈਂਟਲ ਨਾਨ-ਪਰਕਸ਼ਨ, ਕਲਾਸੀਕਲ ਵੋਕਲ ਦੀਆਂ ਆਈਟਮਾਂ ਵਿਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਬਾਖ਼ੂਬੀ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕੀਤਾ। ਤੀਜੀ ਸਟੇਜ ਆਰਕੀਟੈਕਚਰ ਵਿਭਾਗ ਵਿਚ ਲੱਗੀ ਸੀ, ਜਿਸ ਵਿਚ 13 ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਪੇਂਟਿੰਗ ਆਨ ਦਿ ਸਪੌਟ, ਕਲੇਅ ਮਾਡਲਿੰਗ, ਪੋਸਟਰ ਮੇਕਿੰਗ, ਕੋਲਾਜ਼, ਇਨਸਟਾਲੇਸ਼ਨ, ਆਨ ਦਿ ਸਪੌਟ ਫੋਟੋਗਰਾਫੀ, ਕਾਰਟੂਨਿੰਗ ਦੇ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ।
ਅੱਜ ਦੇ ਪ੍ਰੋਗਰਾਮ
13 ਨਵੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਹੋਣ ਵਾਲੇ ਮੁਕਾਬਲਿਆਂ ਵਿਚ ਪਹਿਰਾਵਾ ਪਰੇਡ, ਸਕਿੱਟ, ਮਿਮਿਕਰੀ, ਮਾਈਮ ਅਤੇ ਇਕਾਂਗੀ ਦੇ ਮੁਕਾਬਲੇ ਹੋਣਗੇ। ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਵਾਰ ਗਾਇਨ, ਕਵੀਸ਼ਰੀ, ਲੋਕ ਗੀਤ ਅਤੇ ਗੀਤ/ਗਜ਼ਲ ਦੇ ਮੁਕਾਬਲੇ ਹੋਣਗੇ। ਆਰਕੀਟੈਕਚਰ ਵਿਭਾਗ ਵਿਚ ਰੰਗੋਲੀ, ਫੁਲਕਾਰੀ ਅਤੇ ਮਹਿੰਦੀ ਦੇ ਮੁਕਾਬਲੇ ਹੋਣਗੇ।