ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਸਰਕਾਰੀ, ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟਾਂ ਦੇ ਤੀਜੇ ਜ਼ੋਨਲ ਯੁਵਕ ਮੇਲੇ ਵਿੱਚ ਏ ਡਿਵੀਜ਼ਨ ਦੀ ਟਰਾਫੀ ਨਵਾਬ ਜੱਸਾ ਸਿੰਘ ਆਹਲੂਵਾਲੀਆ (ਐਨ.ਜੇ.ਐਸ.ਏ.) ਕਾਲਜ, ਕਪੂਰਥਲਾ ਨੇ ਜਿੱਤ ਲਈ ਹੈ। ਇਸੇ ਤਰ੍ਹਾਂ ਬੀ ਡਿਵੀਜ਼ਨ ਦੀ ਟਰਾਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਅਤੇ ਐਸੋਸੀਏਟ ਇੰਸਟੀਚਿਊਟ ਵਰਗ ਦੀ ਓਵਰਆਲ ਟਰਾਫੀ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ, ਨਿੱਕੇ ਘੁੰਮਣ ਅਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਮਹਿਲਾ, ਅੰਮ੍ਰਿਤਸਰ ਨੇ ਸਾਂਝੇ ਤੌਰ ’ਤੇ ਜਿੱਤੀ ਹੈ।
ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਹੋਏ ਜ਼ੋਨਲ ਯੁਵਕ ਮੇਲੇ ਵਿੱਚ ਵੀਹ ਸਰਕਾਰੀ, ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟ ਦੇ ਲਗਪੱਗ 550 ਕਲਾਕਾਰ ਵਿਦਿਆਰਥੀਆਂ ਨੇ ਲਗਪਗ 35 ਮੁਕਾਬਲਿਆਂ ਵਿਚ ਹਿੱਸਾ ਲਿਆ। ਤਿੰਨ ਦਿਨ ਚੱਲੇ ਇਸ ਯੁਵਕ ਮੇਲੇ ਦੇ ਅੱਜ ਆਖਰੀ ਦਿਨ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਮਨੋਜ ਕੁਮਾਰ ਨੇ ਕੀਤੀ।
ਉਨ੍ਹਾਂ ਕਿਹਾ ਕਿ ਯੁਵਕ ਮੇਲੇ ਨੌਜਆਨ ਪੀੜ੍ਹੀ ਨੂੰ ਸਭਿਆਚਾਰ ਤੇ ਕਦਰਾਂ ਕੀਮਤਾਂ ਨਾਲ ਜੋੜਦੇ ਹਨ। ਜਿਸ ਨਾਲ ਉਨ੍ਹਾਂ ਦੀ ਕਲਾ ਨੂੰ ਨਿਖਰ ਕੇ ਬਾਹਰ ਆਉਂਦੀ ਹੈ। ਸਿੱਖਿਆ ਦਾ ਮੰਤਵ ਕੇਵਲ ਪੜ੍ਹਾਉਣਾ ਹੀ ਨਹੀਂ ਹੁੰਦਾ ਸਗੋਂ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨਾ ਹੈ। ਪ੍ਰੋ. ਮਨੋਜ ਕੁਮਾਰ, ਪ੍ਰੋ. ਅਨੀਸ਼ ਦੂਆ ਅਤੇ ਡਾ. ਤੇਜਵੰਤ ਸਿੰਘ ਕੰਗ ਨੇ ਜੇਤੂਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ। ਏ ਡਿਵੀਜ਼ਨ ਦੇ ਮੁਕਾਬਲੇ ਵਿਚ ਐਸ.ਆਰ. ਸਰਕਾਰੀ ਕਾਲਜ ਲੜਕੀਆਂ, ਅੰਮ੍ਰਿਤਸਰ ਨੂੰ ਦੂਜਾ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬੀ ਡਿਵੀਜ਼ਨ ਦੇ ਮੁਕਾਬਲੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਗ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਨੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਐਸੋਸੀਏਟਡ ਇੰਸਟੀਚਿਊਟ ਵਰਗ ਵਿਚ ਐੱਸ.ਐੱਸ.ਐੱਸ.ਐੱਸ. ਕਾਲਜ ਮਹਿਲਾ, ਅੰਮ੍ਰਿਤਸਰ ਨੇ ਦੂਜਾ ਸਥਾਨ ਹਾਸਲ ਕੀਤਾ।