ਪੱਤਰ ਪ੍ਰੇਰਕ
ਅੰਮ੍ਰਿਤਸਰ, 24 ਦਸੰਬਰ
ਕਲਾ ਪਰਿਸ਼ਦ ਦੇ ਅਦਾਰੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਪੰਜਾਬ ਭਰ ਵਿੱਚ ਆਰੰਭੇ ‘ਲੇਖਕਾਂ ਦਾ ਹਫਤਾ’ ਤਹਿਤ ਸੱਤ ਦਿਨ, ਸੱਤ ਲੇਖਕ, ਸੱਤ ਥਾਵਾਂ ਦੇ ਅੰਤਰਗਤ ਅੰਮ੍ਰਿਤਸਰ ਦੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿੱਚ ਸਮਾਗਮ ਦਾ ਅਗਾਜ਼ ਹੋਇਆ। ਇਸ ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਸਹਿਤਕਾਰ ਦੇਸ ਰਾਜ ਕਾਲੀ ਦੇ ਹਵਾਲੇ ਨਾਲ ਸੱਤ ਦਿਨਾਂ ਦੀ ਰੂਪ-ਰੇਖਾ ਸਾਂਝੀ ਕਰਦਿਆਂ ਸਮਾਗਮ ਨੂੰ ਲੜੀਬਧ ਕੀਤਾ। ਸਮਾਗਮ ਦੇ ਅੱਜ ਦੇ ਮਹਿਮਾਨ ਸ਼ਾਇਰ ਦੇਵ ਦਰਦ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਆਪਣੀ ਸਿਰਜਣ ਪ੍ਰਕ੍ਰਿਆ ਬਾਰੇ ਵਿਸਥਾਰ ਵਿਚ ਗੱਲਾਂ ਕੀਤੀਆਂ ਅਤੇ ਖੂਬਸੂਰਤ ਨਜ਼ਮ ‘ਪਿਆਰ ਉਦੋਂ ਸੱਚੀ ਮੁੱਚੀ ਪਿਆਰ ਸੀ ਪੰਜਾਬੀਓ’ ਰਾਹੀਂ ਮਾਹੌਲ ਨੂੰ ਅਦਬੀ ਰੰਗਤ ਦਿੱਤੀ। ਸਮਾਗਮ ਦੀ ਪ੍ਰਧਾਨਗੀ ਡਾ. ਪਰਮਿੰਦਰ ਨੇ ਕੀਤੀ। ਡਾ. ਜਗਦੀਸ਼ ਸਚਦੇਵਾ, ਸ਼ਾਇਰ ਮਲਵਿੰਦਰ ਅਤੇ ਧਰਵਿੰਦਰ ਔਲਖ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੰਵਾਦ ਭਾਸ਼ਾ ਦੀ ਤਰੱਕੀ ਦਾ ਸਬੱਬ ਬਣਦੇ ਹਨ।