ਪੱਤਰ ਪ੍ਰੇਰਕ
ਅੰਮ੍ਰਿਤਸਰ, 14 ਅਪਰੈਲ
ਭਾਈ ਵੀਰ ਸਿੰਘ ਨਿਵਾਸ ਅਸਥਾਨ ਅੰਮ੍ਰਿਤਸਰ ਵੱਲੋਂ ਏਕਮ ਸਾਹਿਤ ਮੰਚ ਅੰਮ੍ਰਿਤਸਰ ਦੇ ਸਹਿਯੋਗ ਨਾਲ ਕੈਨੇਡਾ (ਟੋਰਾਂਟੋ) ਤੋਂ ਆਈ ਨਾਮਵਰ ਲੇਖਕਾ ਸੁਰਜੀਤ ਕੌਰ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਲੇਖਕਾ ਸੁਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ, ਥਾਈਲੈਂਡ ਤੇ ਅਮਰੀਕਾ ਵਿੱਚ ਅਧਿਆਪਕ ਵਜੋਂ ਤਨਦੇਹੀ ਨਾਲ ਡਿਊਟੀ ਨਿਭਾਈ ਹੈ ਤੇ ਇਸ ਦੌਰਾਨ ਉਹ ਸਾਹਿਤ ਨਾਲ ਵੀ ਜੁੜੇ ਰਹੇ ਹਨ। ਹੁਣ ਤਕ ਉਨ੍ਹਾਂ ਦੀਆਂ ਪੰਜਾਬੀ ਵਿੱਚ ਕਵਿਤਾ, ਕਹਾਣੀ ਤੇ ਆਲੋਚਨਾ ਦੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਦੇ ਪੰਜਾਬੀ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹਾਜ਼ਰ ਸਾਹਿਤਕਾਰਾਂ ਨੇ ਉਨ੍ਹਾਂ ਕੋਲ਼ੋਂ ਕਈ ਸਵਾਲ ਵੀ ਪੁੱਛੇ ਤੇ ਸੁਰਜੀਤ ਹੋਰਾਂ ਨੇ ਢੁਕਵੇਂ ਉੱਤਰ ਦਿੱਤੇ । ਇੰਗਲੈਂਡ ਦੀ ਅਖਬਾਰ ਪੰਜਾਬ ਮੇਲ ਦੇ ਸੰਪਾਦਕ ਗੁਰਦੀਪ ਸਿੰਘ ਸੰਧੂ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ਤੇ ਉਨ੍ਹਾਂ ਨੇ ਇੰਗਲੈਂਡ ਵਿੱਚ ਪੰਜਾਬੀ ਦੀ ਸਥਿਤੀ ਬਾਰੇ ਫਿਕਰਮੰਦੀ ਵੀ ਜ਼ਾਹਰ ਕੀਤੀ। ਪ੍ਰਧਾਨਗੀ ਮੰਡਲ ਵਿਚ ਸੁਰਜੀਤ ਕੌਰ ਤੋਂ ਇਲਾਵਾ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਡਾਇਰੈਕਟਰ ਸੁਖਬੀਰ ਕੌਰ ਮਾਹਲ, ਗੁਰਦੀਪ ਸਿੰਘ ਸੰਧੂ, ਮੈਗਜ਼ੀਨ ਸਾਹਿਤਕ ਏਕਮ ਦੇ ਸੰਪਾਦਕ ਅਰਤਿੰਦਰ ਸੰਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਧਿਆਪਕਾ ਬਲਜੀਤ ਕੌਰ ਰਿਆੜ ਸ਼ਾਮਲ ਸਨ। ਬਲਜੀਤ ਰਿਆੜ ਨੇ ਬਖੂਬੀ ਮੰਚ ਸੰਚਾਲਨ ਦਾ ਕਾਰਜ ਨਿਭਾਇਆ। ਸੁਰਜੀਤ ਕੌਰ ਤੇ ਗੁਰਦੀਪ ਸਿੰਘ ਸੰਧੂ ਨੂੰ ਸਨਮਾਨਤ ਵੀ ਕੀਤਾ ਗਿਆ। ਸਮਾਗਮ ਵਿੱਚ ਡਾ. ਸ਼ਿਆਮ ਸੁੰਦਰ ਦੀਪਤੀ, ਊਸ਼ਾ ਦੀਪਤੀ, ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਆਦਿ ਹਾਜ਼ਰ ਸਨ।