ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਮਾਰਚ
ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿੱਚ ਅੱਜ ਵਿਸ਼ਵ ਹੀਅਰਿੰਗ ਦਿਵਸ ਮਨਾਇਆ ਗਿਆ, ਜਿਸ ਤਹਿਤ ਇਕ ਕਾਨਫਰੰਸ ‘ਹੀਅਰਿੰਗ ਲੋਸ; ਏ ਨਿਊਰੋਲੋਜ਼ੀਕਲ ਐਮਰਜੈਂਸੀ’ ਵਿਸ਼ੇ ’ਤੇ ਕੀਤੀ ਗਈ।
ਇਸ ਮੌਕੇ ਅਸਟ੍ਰੇਲੀਆ ਦੇ ਉਘੇ ਕ੍ਰਿਕਟਰ ਬਰੈਟ ਲੀ ਦਾ ਇਕ ਵੀਡੀਓ ਸੁਨੇਹਾ ਵੀ ਸਾਂਝਾ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੂੰ ਯੂਨੀਵਰਸਿਟੀ ਵਲੋਂ ਬਹਿਰੇਪਨ ਦੀ ਬੀਮਾਰੀ ਲਈ ਕੀਤੇ ਜਾ ਰਹੇ ਇਲਾਜ ਲਈ ਅਮਲੇ ਨੂੰ ਵਧਾਈ ਦਿੱਤੀ। 2018 ਵਿੱਚ ਯੂਨੀਵਰਸਿਟੀ ਅਤੇ ਬਰੈਟ ਲੀ ਵੱਲੋਂ ਸਾਂਝੇ ਤੌਰ ’ਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿੱਚ ‘ਸਾਉਂਡ ਯੂਨੀਵਰਸਲ : ਨਿਊ ਬੋਰਨ ਹੀਰਿੰਗ ਸਕਰੀਨਿੰਗ’ ਇਕ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਜਿਸ ਤਹਿਤ ਯੂਨੀਵਰਸਿਟੀ ਵਲੋਂ ਹੁਣ ਤਕ ਵੱਡੀ ਗਿਣਤੀ ਵਿਚ ਲੋਕਾਂ ਦੇ ਬਹਿਰੇਪਨ ਦਾ ਇਲਾਜ ਕੀਤਾ ਜਾ ਚੁੱਕਾ ਹੈ। ਸਮਾਗਮ ਦੌਰਾਨ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਜ਼ਿਲ੍ਹੇ ਦੇ ਸਮੂਹ ਸਿਹਤ ਕੇਂਦਰਾਂ ਵਿੱਚ ਸੈਮੀਨਾਰ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸਿਹਤ ਵਿਭਾਗ ਵੱਲੋਂ ਅੱਜ ਜ਼ਿਲੇ ਦੇ ਸਮੂਹ ਸਿਹਤ ਕੇਂਦਰਾਂ ਵਿਖੇ ਵਿਸ਼ਵ ਸੁਣਨ ਸ਼ਕਤੀ ਦਿਵਸ (ਵਿਸ਼ਵ ਹੀਅਰਿੰਗ ਦਿਵਸ) ਮਨਾਇਆ ਗਿਆ। ਇਸੇ ਤਹਿਤ ਸਿਵਲ ਹਸਪਤਾਲ ਵਿੱਚ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਇਕ ਸੈਮੀਨਾਰ ਕਰਵਾਇਆ ਗਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਕੰਢੇ ਬੈਠ ਕੇ ਕੰਨਾਂ ਦੀ ਸਫਾਈ ਕਰਨ ਵਾਲਿਆਂ ਕੋਲੋਂ ਸਫਾਈ ਨਾ ਕਰਾਉਣ, ਉਚੀ ਆਵਾਜ਼ ਤੋਂ ਬਚਣ, ਕੰਨਾਂ ਵਿੱਚ ਗੰਦਾ ਪਾਣੀ , ਤੇਲ ਆਦਿ ਪਾਉਣ ਤੋਂ ਬਚਣ ਅਤੇ ਇਸ ਸਬੰਧੀ ਕਿਸੇ ਵੀ ਬੀਮਾਰੀ ਦੀ ਸਥਿਤੀ ਵਿਚ ਡਾਕਟਰਾਂ ਨਾਲ ਸੰਪਰਕ ਕਰਨ।