ਪੱਤਰ ਪ੍ਰੇਰਕ
ਅੰਮ੍ਰਿਤਸਰ, 3 ਮਈ
ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਵਿਦਿਆਰਥੀ ਨੇ ਕਰਾਟੇ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਹਾਸਲ ਕਰਕੇ ਜ਼ਿਲ੍ਹੇ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਨਿਰਮਲਜੀਤ ਕੌਰ ਗਿੱਲ ਨੇ ਦੱਸਿਆ ਕਿ 10ਵੀਂ ਜਮਾਤ ਦੇ ਵਿਦਿਆਰਥੀ ਰਾਣਾ ਰਣਵੀਰ ਸਿੰਘ ਨੇ ਚੈਂਪੀਅਨਸ਼ਿਪ ’ਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਰਾਣਾ ਰਣਵੀਰ ਅਤੇ 6ਵੀਂ ਜਮਾਤ ਦੀ ਵਿਦਿਆਰਥਣ ਸਚਲੀਨ ਕੌਰ ਨੇ ਚਾਂਦੀ ਤਗਮਾ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਜੂਨੀਅਰ ਵਰਗ ’ਚ ਖੇਡਦਿਆਂ ਇਨ੍ਹਾਂ ਵਿਦਿਆਰਥੀਆਂ ਨੇ ਦ੍ਰਿੜ੍ਹਤਾ, ਹਿੰਮਤ ਅਤੇ ਦਲੇਰੀ ਦਾ ਸਬੂਤ ਦਿੰਦਿਆਂ ਫਸਵੇਂ ਮੁਕਾਬਲੇ ’ਚ ਜਿੱਤ ਹਾਸਲ ਕੀਤੀ।
ਖਾਲਸਾ ਹਾਕੀ ਅਕਾਦਮੀ ਦੀਆਂ ਖਿਡਾਰਨਾਂ ਨੇ ‘ਜੂਨੀਅਰ ਵਰਲਡ ਹਾਕੀ ਕੱਪ’ ’ਚ ਲਿਆ ਹਿੱਸਾ
ਅੰਮ੍ਰਿਤਸਰ (ਪੱਤਰ ਪ੍ਰੇਰਕ): ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਤਹਿਤ ਖਾਲਸਾ ਹਾਕੀ ਅਕੈਡਮੀ ਦੀਆਂ 2 ਖਿਡਾਰਣਾਂ ਨੇ ਇੰਡੀਅਨ ਹਾਕੀ ਟੀਮ ਵੱਲੋਂ ਸਾਊਥ ਅਫ਼ਰੀਕਾ ’ਚ ਕਰਵਾਏ ਗਏ ਜੂਨੀਅਰ ਵਰਲਡ ਹਾਕੀ ਕੱਪ ’ਚ ਹਿੱਸਾ ਲਿਆ। ਅਕੈਡਮੀ ਦੀਆਂ ਉਭਰ ਰਹੀਆਂ ਖਿਡਾਰਣਾਂ ਰੀਤ ਅਤੇ ਪ੍ਰਿਯੰਕਾ ਪਹਿਲਾਂ ਵੀ ਸਪੇਨ ਦੇ ਖ਼ਿਲਾਫ਼ ਟੈਸਟ ਮੈਚ ਖੇਡ ਚੁੱਕੀਆਂ ਹਨ। ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੇ ਸੁਸਾਇਟੀ ਅਧੀਨ ਹਾਕੀ ਅਕੈਡਮੀ ਦੀ ਖਿਡਾਰਣ ਰੀਤ ਨੂੰ ਹਾਕੀ ’ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ 10 ਲੱਖ ਅਤੇ ਹਰਿਆਣਾ ਸਰਕਾਰ ਨੇ 60 ਲੱਖ ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਹੈ।