ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 11 ਅਗਸਤ
ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਕਾਂਸੇ ਦਾ ਤਮਗਾ ਜਿਤਾਉਣ ਵਾਲੇ ਹਾਕੀ ਖਿਡਾਰੀ ਗੁਰਜੰਟ ਸਿੰਘ ਦਾ ਆਪਣੇ ਪਿੰਡ ਖਲਿਹਰਾ ਅਤੇ ਹਰਮਨ ਸਿੰਘ ਦਾ ਆਪਣੇ ਪਿੰਡ ਤਿਮੋਵਾਲ ਪਹੁੰਚਣ ‘ਤੇ ਪਿੰਡ ਵਾਸੀਆਂ, ਰਿਸ਼ਤੇਦਾਰਾਂ ਸਨੇਹੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਉਪਰੰਤ ਪਿੰਡ ਵਾਸੀ ਹਰਮਨਪ੍ਰੀਤ ਨੂੰ ਉਸ ਦੇ ਘਰ ਲੈ ਗਏ।
ਇਸੇ ਤਰ੍ਹਾਂ ਪਿੰਡ ਖਲਹਿਰਾ ਦੇ ਵਾਸੀ ਹਾਕੀ ਖਿਡਾਰੀ ਗੁਰਜੰਟ ਸਿੰਘ ਦਾ ਉਸ ਦੇ ਪਿੰਡ ਪਹੁੰਚਣ ‘ਤੇ ਉਸ ਦੇ ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਵੱਲੋਂ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ। ਘਰ ਪਹੁੰਚਦਿਆਂ ਹੀ ਉਸ ਦੀ ਮਾਤਾ ਸੁਖਵਿੰਦਰ ਕੌਰ ਵੱਲੋਂ ਗੁਰਜੰਟ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਗੁਰਜੰਟ ਸਿੰਘ ਦੇ ਦਾਦਾ ਸਾਬਕਾ ਸਰਪੰਚ ਸੁਵਿੰਦਰ ਸਿੰਘ ਤੇ ਪਿਤਾ ਬਲਦੇਵ ਸਿੰਘ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਮੌਕੇ ਉਨ੍ਹਾਂ ਦੇ ਸੁਆਗਤ ਲਈ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਐਸ ਡੀ ਐਮ ਡਾ ਸੁਮਿਤ, ਪਿੰਦਰਜੀਤ ਸਿੰਘ ਸਰਲੀ, ਜਗਤਾਰ ਸਿੰਘ, ਬਲਦੇਵ ਸਿੰਘ, ਸੁਖਰਾਜ ਸਿੰਘ ਅਤੇ ਇਲਾਕਾ ਵਾਸੀ ਮੌਜੂਦ ਸਨ।