ਪਾਲ ਸਿੰਘ ਨੌਲੀ
ਜਲੰਧਰ, 27 ਜੂਨ
ਪੰਜਾਬ ਭਰ ਵਿੱਚ ਲਾਗੂ ਕੀਤੇ ਗਏ ਹਫ਼ਤਾਵਾਰੀ ਲੌਕਡਾਊਨ ਦੌਰਾਨ ਅੱਜ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ। ਸੜਕਾਂ ’ਤੇ ਆਮ ਨਾਲੋਂ ਲੋਕ ਘੱਟ ਹੀ ਨਜ਼ਰ ਆਏ। ਸ਼ਹਿਰ ਦੇ ਲੋਕ ਅਸਲ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਆਪਣੀਆਂ ਦੁਕਾਨਾਂ ਬੰਦ ਕਰ ਲੈਂਦੇ ਹਨ ਤੇ ਅਗਲੇ ਦੋ ਦਿਨਾਂ ਵਿੱਚ ਵਿਰਲੀ-ਟਾਵੀਂ ਦੁਕਾਨ ਅੱਧ-ਪੱਚਧੀ ਖੁੱਲ੍ਹਦੀ ਹੈ। ਕਈ ਦੁਕਾਨਦਾਰਾਂ ਨੇ ਸ਼ਟਰ ਸੁੱਟ ਕੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਤੋਂ ਚੱਲ ਰਹੇ ਲੌਕਡਾਊਨ ਕਾਰਨ ਪਹਿਲਾਂ ਵੱਡਾ ਆਰਥਿਕ ਘਾਟਾ ਝੱਲਣਾ ਪੈ ਰਿਹਾ ਹੈ। ਮੁਹੱਲਿਆਂ ਵਿੱਚ ਵੀ ਅੱਜ ਸਬਜ਼ੀ ਵਾਲੇ ਪਹਿਲਾਂ ਦੇ ਮੁਕਾਬਲੇ ਘੱਟ ਹੀ ਆਏ। ਸ਼ਹਿਰ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਣ ਕਾਰਨ ਵੀ ਲੋਕਾਂ ਵਿੱਚ ਸਹਿਮ ਤੇ ਡਰ ਬਣਿਆ ਹੋਇਆ ਹੈ। ਸ਼ਹਿਰ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 691 ਹੋ ਗਈ ਹੈ ਤੇ ਹੁਣ ਤੱਕ 20 ਮੌਤਾਂ ਵੀ ਹੋ ਚੁੱਕੀਆਂ ਹਨ। ਇਹ ਅੰਕੜੇ ਸ਼ਹਿਰ ਵਾਸੀਆਂ ਨੂੰ ਡਰਾ ਰਹੇ ਹਨ। ਕਰੋਨਾ ਦਾ ਪਸਾਰਾ ਪਿੰਡਾਂ ਵਿੱਚ ਵੀ ਵਧਣ ਨਾਲ ਕਸਬਿਆਂ ਵਿੱਚ ਵੀ ਤਾਲਾਬੰਦੀ ਦਾ ਅਸਰ ਦੇਖਣ ਨੂੰ ਮਿਲਿਆ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਦੋ ਦਿਨਾ ਹਫ਼ਤਾਵਾਰੀ ਤਾਲਾਬੰਦੀ ਦੌਰਾਨ ਅੱਜ ਸ਼ਨਿਚਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਮ ਪੰਜ ਵਜੇ ਤਕ ਦੁਕਾਨਾਂ ਖੋਲ੍ਹਣ ਦੀ ਦਿੱਤੀ ਗਈ ਆਗਿਆ ਕਾਰਨ ਲਗਪਗ ਸਾਰਾ ਦਿਨ ਕਾਰੋਬਾਰ ਤੇ ਦੁਕਾਨਾਂ ਖੁੱਲ੍ਹੀਆਂ ਰਹੀਆਂ ਹਨ ਅਤੇ ਸ਼ਹਿਰ ਵਿਚ ਆਵਾਜਾਈ ਵੀ ਚਲਦੀ ਰਹੀ ਹੈ।
ਕਰੋਨਾ ਕੇਸਾਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਸਰਕਾਰ ਵੱਲੋਂ ਹਫ਼ਤਾਵਾਰੀ ਤਾਲਾਬੰਦੀ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਹਫ਼ਤੇ ਦੇ ਦੋ ਆਖਰੀ ਦਿਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੁਕੰਮਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਇਸ ਦੋ ਦਿਨਾ ਤਾਲਾਬੰਦੀ ਦੌਰਾਨ ਦਵਾਈਆਂ ਅਤੇ ਹੋਰ ਅਹਿਮ ਲੋੜਾਂ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਨੂੰ ਹੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ।
ਦੋ ਹਫ਼ਤੇ ਇਹ ਤਾਲਾਬੰਦੀ ਠੀਕ ਚੱਲੀ ਹੈ ਪਰ ਹੁਣ ਪ੍ਰਸ਼ਾਸਨ ਵੱਲੋਂ ਸ਼ਨਿਚਰਵਾਰ ਨੂੰ ਦੁਕਾਨਾਂ ਖੋਲ੍ਹਣ ਦੀ ਦਿੱਤੀ ਗਈ ਢਿੱਲ ਕਾਰਨ ਤਾਲਾਬੰਦੀ ਵਿੱਚੋਂ ਇਕ ਦਿਨ ਘਟ ਗਿਆ ਹੈ।
ਅੱਜ ਸਾਰਾ ਦਿਨ ਜਿਥੇ ਕਾਰੋਬਾਰ ਅਤੇ ਦੁਕਾਨਾਂ ਖੁੱਲ੍ਹੀਆਂ ਰਹੀਆਂ, ਉਥੇ ਲੋਕਾਂ ਦੀ ਆਵਾਜਾਈ ਵੀ ਕਾਇਮ ਰਹੀ ਹੈ, ਜਿਸ ਨਾਲ ਤਾਲਾਬੰਦੀ ਦਾ ਮੰਤਵ ਅਸਫ਼ਲ ਹੋਇਆ ਹੈ। ਕਈ ਦੁਕਾਨਾਂ ’ਤੇ ਆਮ ਦਿਨਾਂ ਵਾਂਗ ਹੀ ਭੀੜ ਦਿਖਾਈ ਦਿੱਤੀ। ਇਸੇ ਤਰ੍ਹਾਂ ਸੜਕਾਂ ’ਤੇ ਵੀ ਬਿਨਾਂ ਰੋਕ-ਟੋਕ ਆਵਾਜਾਈ ਜਾਰੀ ਰਹੀ।
ਇਥੇ ਦੱਸਣਯੋਗ ਹੈ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਕਰੋਨਾ ਦਾ ਕਹਿਰ ਨਿਰੰਤਰ ਜਾਰੀ ਹੈ। ਇਥੇ ਲਗਾਤਾਰ ਕਰੋਨਾ ਪੀੜਤਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ ਅਤੇ ਨਿਰੰਤਰ ਪਾਜ਼ੇਟਿਵ ਕੇਸ ਵੀ ਆ ਰਹੇ ਹਨ।
ਹੁਸ਼ਿਆਰਪੁਰ ’ਚ ਕਰੋਨਾਵਾਇਰਸ ਦੇ 5 ਮਰੀਜ਼ਾਂ ਦੀ ਪੁਸ਼ਟੀ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਅੱਜ 5 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ 39 ਸਾਲਾ ਇੱਕ ਵਿਅਕਤੀ ਪਿੰਡ ਰੁੜਕੀ ਖਾਸ, 34 ਸਾਲਾ ਅਸਲਾਮਾਬਾਦ ਹੁਸ਼ਿਆਰਪੁਰ ਅਤੇ 35 ਸਾਲਾ ਇੱਕ ਵਿਅਕਤੀ ਪਿੰਡ ਸੈਦਪੁਰ ਨਾਲ ਸੰਬੰਧਤ ਹੈ, ਜੋ ਅਲਜੀਰੀਆ ਤੋਂ ਆਏ ਹਨ। ਇਨ੍ਹਾਂ ਤੋਂ ਇਲਾਵਾ ਦੋ ਵਿਅਕਤੀ 29 ਸਾਲਾ ਪਿੰਡ ਬਹੀਰਾ ਨੇੜਲੇ ਕਸਬਾ ਹਰਿਆਣਾ ਅਤੇ 56 ਸਾਲਾ ਇੱਕ ਵਿਅਕਤੀ ਪਿੰਡ ਨਸਰਾਲਾ ਨਾਲ ਸੰਬੰਧਤ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ 460 ਕੋਵਿਡ-19 ਨਮੂਨਿਆਂ ਦੀ ਪ੍ਰਾਪਤ ਹੋਈ ਰਿਪੋਰਟ ਵਿੱਚ 5 ਪਾਜ਼ੇਟਿਵ ਮਰੀਜ਼ ਪਾਏ ਗਏ। ਉਨ੍ਹਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਵੱਲੋਂ 279 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਹੁਣ ਤੱਕ 12,147 ਨਮੂਨੇ ਲਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 174 ਪਾਜ਼ੇਟਿਵ ਪਾਏ ਗਏ ਹਨ, ਜਦੋਂਕਿ 699 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ 5 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 16 ਕੇਸ ਐਕਟਿਵ ਹਨ, ਜਦੋਂਕਿ 153 ਤੰਦਰੁਸਤ ਹੋ ਕੇ ਆਪਣੇ ਘਰ ਜਾ ਚੁੱਕੇ ਹਨ।
ਸੂਬੇ ਵਿੱਚ ਕਰੋਨਾਵਾਇਰਸ ਦੀ ਸਥਿਤੀ ਕਾਬੂ ਹੇਠ: ਤ੍ਰਿਪਤ ਬਾਜਵਾ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਕੋਵਿਡ-19 ਖ਼ਿਲਾਫ਼ ਲੜਾਈ ਪੂਰੇ ਯੋਜਨਾਬੱਧ ਢੰਗ ਨਾਲ ਲੜੀ ਜਾ ਰਹੀ ਹੈ ਅਤੇ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਸੂਬੇ ਵਿੱਚ ਕੋੋਰੋਨਾ ਵਾਇਰਸ ਦੀ ਬਿਮਾਰੀ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੋਵਿਡ-19 ਖ਼ਿਲਾਫ਼ ਜੰਗ ਨੂੰ ਪੂਰੀ ਗੰਭੀਰਤਾ ਨਾਲ ਲਿਆ ਹੈ ਅਤੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਸੀ ਜਿਸ ਨੇ ਕਰੋਨਾਵਾਇਰਸ ਦੀ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਕਰਫਿਊ ਲਗਾਇਆ ਸੀ। ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਫਿਊ ਲਗਾਉਣ ਸਦਕਾ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਅਹਿਮ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਵੀ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਨਵਾਂਸ਼ਹਿਰ ਵਿੱਚ ਤਿੰਨ ਨਵੇਂ ਮਰੀਜ਼
ਬਲਾਚੌਰ (ਸੁਭਾਸ਼ ਜੋਸ਼ੀ): ਨਵਾਂ ਸ਼ਹਿਰ ਵਿੱਚ ਅੱਜ ਸ਼ਾਮ ਆਈ ਰਿਪੋਰਟ ਵਿੱਚ ਦੋਹਾ ਕਤਰ ਤੇ ਸਾਊਦੀ ਅਰਬ ਤੋਂ ਆਏ ਦੋ ਵਿਅਕਤੀਆਂ ਸਮੇਤ ਤਿੰਨ ਵਿਅਕਤੀ ਪਾਜ਼ੇਟਿਵ ਪਏ ਗਏ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਤੀਸਰਾ ਵਿਅਕਤੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਨਾਲ ਸਬੰਧਤ ਹੈ। ਵਿਦੇਸ਼ ਤੋਂ ਪਰਤੇ ਦੋਵੇਂ ਵਿਅਕਤੀ ਕੇਸੀ ਕਾਲਜ ਵਿੱਚ ਬਣਾਏ ਇਕਾਂਤਵਾਸ ਕੇਂਦਰ ’ਚ ਰੱਖੇ ਗਏ ਸਨ, ਜਦਕਿ ਮੁਜ਼ੱਫਰਨਗਰ ਤੋਂ ਵਿਅਕਤੀ ਨੂੰ ਵੀ ਇਕਾਂਤਵਾਸ ਕਰਵਾਇਆ ਗਿਆ ਸੀ। ਵਿਦੇਸ਼ ਤੋਂ ਪਰਤੇ ਦੋਵੇਂ ਵਿਅਕਤੀ ਪਿੰਡ ਸਿੰਬਲ ਮਜਾਰਾ ਅਤੇ ਉੜਾਪੜ ਬਲ ਸੰਬੰਧਤ ਹਨ, ਜਦਕਿ ਮੁਜ਼ੱਫਰਨਗਰ ਤੋ ਆਇਆ ਵਿਅਕਤੀ ਬਲਾਚੌਰ ਦੇ ਵਾਰਡ ਨੰਬਰ ਚਾਰ ਨਾਲ ਸਬੰਧਤ ਹੈ। ਇਨ੍ਹਾਂ ਤਿੰਨਾਂ ਨੂੰ ਢਾਹਾਂ ਕਲੇਰਾਂ ਦੇ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਤਿੰਨ ਨਵੇਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿੱਚ ਐਟਕਿਵ ਕੇਸਾਂ ਦੀ ਗਿਣਤੀ 12 ਹੋ ਗਈ ਹੈ।
ਸਾਂਝ ਕੇਂਦਰ ਦਾ ਮੁਲਾਜ਼ਮ ਵੀ ਪਾਜ਼ੇਟਿਵ
ਫਗਵਾੜਾ (ਜਸਬੀਰ ਸਿੰਘ ਚਾਨਾ): ਅੱਜ ਇੱਥੇ ਥਾਣਾ ਸਿਟੀ ’ਚ ਪੈਂਦੇ ਸਾਂਝ ਕੇਂਦਰ ਦੇ ਇੱਕ ਮੁਲਾਜ਼ਮ ਦੀ ਵੀ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਦੀ ਪੁਸ਼ਟੀ ਐੱਸਐੱਮਓ ਡਾ. ਕਮਲ ਕਿਸ਼ੋਰ ਨੇ ਕੀਤੀ। ਐੱਸਐੱਮਓ ਨੇ ਦੱਸਿਆ ਕਿ ਸਾਂਝ ਕੇਂਦਰ ਦਾ ਇਹ ਮੁਲਾਜ਼ਮ ਸਿਟੀ ਥਾਣੇ ਦੇ ਸਹਾਇਕ ਮੁਨਸ਼ੀ ਦੇ ਸੰਪਰਕ ’ਚ ਸੀ, ਜੋ ਪਹਿਲਾਂ ਹੀ ਪਾਜ਼ੇਟਿਵ ਆਉਣ ਕਾਰਨ ਇਕਾਂਤਵਾਸ ਕੀਤਾ ਹੋਇਆ ਹੈ। ਮੁਲਾਜ਼ਮ ਨੂੰ ਇਕਾਂਤਵਾਸ ਕਰਕੇ ਸਿਹਤ ਵਿਭਾਗ ਨੇ ਉਸ ਦੀ ਟਰੈਵਲ ਹਿਸਟਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।