ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਦਿੱਲੀ ਸਥਿਤ ਪਾਕਿਸਤਾਨੀ ਸਫਾਰਤਖਾਨੇ ਨੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਜਾਣ ਵਾਸਤੇ ਲਗਪਗ 1100 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦੇ ਦਿੱਤੇ ਹਨ। ਸਿੱਖ ਸ਼ਰਧਾਲੂਆਂ ਦਾ ਇਹ ਜਥਾ 12 ਅਪਰੈਲ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਜਾਵੇਗਾ ਅਤੇ 22 ਅਪਰੈਲ ਨੂੰ ਵਤਨ ਪਰਤੇਗਾ। ਜਾਣਕਾਰੀ ਮੁਤਾਬਕ ਪਾਕਿਸਤਾਨੀ ਸਫ਼ਾਰਤਖਾਨੇ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਇਹ ਵੀਜ਼ੇ ਅੱਜ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਲਗਪਗ 875 ਯਾਤਰੂਆਂ ਦੇ ਪਾਸਪੋਰਟ ਵੀਜ਼ਾ ਲੈਣ ਲਈ ਭੇਜੇ ਗਏ ਸਨ। ਪਾਕਿਸਤਾਨ ਜਾਣ ਵਾਲੇ ਇਨ੍ਹਾਂ ਸ਼ਰਧਾਲੂਆਂ ਨੂੰ 72 ਘੰਟੇ ਪਹਿਲਾਂ ਕਰੋਨਾ ਦੀ ਨੈਗੇਟਿਵ ਰਿਪੋਰਟ ਦੇਣੀ ਲਾਜ਼ਮੀ ਕੀਤੀ ਗਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਵਿਸਾਖੀ ਮੌਕੇ ਆਉਣ ਵਾਸਤੇ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੀ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਕਰੋਨਾ ਟੈਸਟ ਕਰਵਾਉਣ ਵਾਸਤੇ 9 ਅਤੇ 10 ਅਪਰੈਲ ਨੂੰ ਮੁਫ਼ਤ ਕੈਂਪ ਲਾਇਆ ਜਾ ਰਿਹਾ ਹੈ।