ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਅਗਸਤ
ਪੰਚਾਇਤ ਫੰਡਾਂ ਵਿੱਚ ਲਗਪਗ ਅੱਠ ਲੱਖ ਰੁਪਏ ਦੇ ਘਪਲੇ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਪਿੰਡ ਧੀਰੇਕੋਟ ਦਾ ਜੇਈ, ਸਾਬਕਾ ਪੰਚਾਇਤ ਸਕੱਤਰ ਤੇ ਸਾਬਕਾ ਸਰਪੰਚ ਸ਼ਾਮਲ ਹੈ। ਇਸ ਮਾਮਲੇ ਵਿੱਚ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਨ੍ਹਾਂ ਦੀ ਸ਼ਨਾਖਤ ਸਾਬਕਾ ਸਰਪੰਚ ਜਸਬੀਰ ਸਿੰਘ, ਸਾਬਕਾ ਪੰਚਾਇਤ ਸਕੱਤਰ ਕਰਨਜੀਤ ਸਿੰਘ ਤੇ ਸਾਬਕਾ ਜੇਈ ਹਰਭਜਨ ਸਿੰਘ ਵਜੋਂ ਹੋਈ ਹੈ। ਇਨ੍ਹਾਂ ਨੂੰ ਅੱਜ ਵਿਜੀਲੈਂਸ ਨੇ ਰਿਮਾਂਡ ਲਈ ਅਦਾਲਤ ਵਿੱਚ ਪੇਸ਼ ਕੀਤਾ ਹੈ।
ਵਿਜੀਲੈਂਸ ਵਿਭਾਗ ਦੇ ਐੱਸਐੱਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ 2013-2016 ਦੇ ਸਮੇਂ ਦਾ ਹੈ। ਪਿੰਡ ਧੀਰੇ ਕੋਟ ਦੀ ਪੰਚਾਇਤ ਨੂੰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਵਾਸਤੇ ਗਰਾਂਟ ਮਿਲੀ ਸੀ। ਰਿਕਾਰਡ ਮੁਤਾਬਕ ਉਸ ਸਮੇਂ ਦੌਰਾਨ ਪੰਚਾਇਤ ਕੋਲ 56.68 ਲੱਖ ਰੁਪਏ ਸਨ ਜੋ ਉਸ ਨੇ ਵੱਖ-ਵੱਖ ਸਰੋਤਾਂ ਤੋਂ ਆਮਦਨ ਰਾਹੀਂ ਇਕੱਠੇ ਕੀਤੇ ਸਨ। ਇਨ੍ਹਾਂ ਵਿੱਚ ਸ਼ਾਮਲਾਟ ਜ਼ਮੀਨ ਦੀ ਆਮਦਨ, ਵਿਆਜ ਅਤੇ ਪਿਛਲਾ ਬਕਾਇਆ ਸ਼ਾਮਲ ਸੀ। ਉਸ ਵੇਲੇ ਗਰਾਮ ਪੰਚਾਇਤ ਵੱਲੋਂ ਲਗਭਗ 38 ਲੱਖ ਰੁਪਏ ਖਰਚ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪੰਚਾਇਤ ਦੇ ਰਿਕਾਰਡ ਮੁਤਾਬਕ ਉਸ ਵੇਲੇ ਵਿਕਾਸ ਕਾਰਜਾਂ ਵਾਸਤੇ ਸਿਰਫ਼ 29.95 ਲੱਖ ਰੁਪਏ ਖਰਚ ਕੀਤੇ ਗਏ ਜਿਸ ਦਾ ਰਿਕਾਰਡ ਮੌਜੂਦ ਹੈ ਜਦੋਂ ਕਿ ਬਾਕੀ 8.09 ਲੱਖ ਰੁਪਏ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ ਅਤੇ ਨਾ ਹੀ ਇਹ ਵਿਅਕਤੀ ਇਸ ਸਬੰਧੀ ਰਿਕਾਰਡ ਪੇਸ਼ ਕਰ ਸਕੇ ਹਨ। ਵਿਜੀਲੈਂਸ ਵਿਭਾਗ ਨੇ ਦਾਅਵਾ ਕੀਤਾ ਕਿ ਇਹ ਰਕਮ ਖੁਰਦ-ਬੁਰਦ ਕੀਤੀ ਗਈ ਹੈ। ਵਿਜੀਲੈਂਸ ਵਿਭਾਗ ਨੇ ਗ੍ਰਿਫ਼ਤਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।