ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਮਾਰਚ
ਕਮਿਸ਼ਨਰ ਪੁਲੀਸ ਸਵਪਨ ਸ਼ਰਮਾ ਨੇ ਕਿਹਾ ਕਿ ਕਮਿਸ਼ਨਰੇਟ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਲਾਇਸੈਂਸੀ ਅਸਲਾ, ਹਥਿਆਰ ਨਾਲ ਲੈ ਕੇ ਚੱਲਣ ’ਤੇ 10 ਜੂਨ ਤੱਕ ਪਾਬੰਦੀ ਲਾ ਦਿੱਤੀ ਗਈ ਹੈ। ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲੀਸ ਕਮਿਸ਼ਨਰੇਟ ਦੀ ਹਦੂਦ ਅੰਦਰ ਆਉਂਦੇ ਅਸਲਾ ਲਾਇਸੈਂਸ ਧਾਰਕ ਆਪਣੇ ਹਰ ਕਿਸਮ ਦੇ ਲਾਇਸੈਂਸੀ ਹਥਿਆਰ ਨੂੰ ਤੁਰੰਤ ਆਪਣੇ ਨੇੜੇ ਦੇ ਪੁਲੀਸ ਥਾਣਿਆਂ ਜਾਂ ਅਧਿਕਾਰਤ ਅਸਲਾ ਡੀਲਰਾਂ ਕੋਲ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਅਸਲਾ ਮਿਥੇ ਸਮੇਂ ਵਿੱਚ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪ੍ਰੀਖਿਆ ਕੇਂਦਰਾਂ ਦੁਆਲੇ ਇਕੱਠੇ ਹੋਣ ’ਤੇ ਪਾਬੰਦੀ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਅੰਮ੍ਰਿਤਸਰ (ਦਿਹਾਤੀ) ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਆਉਦੇ ਪੰਜਾਬ ਸਰਕਾਰ ਸਿੱਖਿਆ ਬੋਰਡ ਵਲੋਂ ਪ੍ਰੀਖਿਆ ਲਈ 30 ਮਾਰਚ 2024 ਨੂੰ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਸ਼ੈਸਨ ਵਿੱਚ ਬੋਰਡ ਵਲੋਂ ਸਕੂਲਾਂ ਵਿੱਚ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਇਕੱਠੇ ਹੋਣ ’ਤੇ ਪੂਰਨ ਪਾਬੰਦੀ ਲਾਉਣ ਦਾ ਇੱਕ ਤਰਫਾ ਹੁਕਮ ਪਾਸ ਕੀਤਾ ਹੈ।
ਪੰਜ ਅਪੈਰਲ ਤੱਕ ਅਸਲਾ ਜਮ੍ਹਾਂ ਕਰਵਾਉਣ ਦਾ ਮੁੜ ਸਮਾਂ ਦਿੱਤਾ
ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਲੋਕ ਸਭਾ ਚੋਣਾਂ ਦੇ ਮੱਦੇ ਨਜਰ ਜ਼ਿਲ੍ਹੇ ਵਿੱਚ ਅਸਲਾ ਲਾਇਸੈਂਸ ਧਾਰਕਾਂ ਨੂੰ ਅਪਣੇ ਹਥਿਆਰ ਜਮ੍ਹਾਂ ਕਰਵਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਹੋਰ ਮੌਕਾ ਦਿੰਦੇ ਹੋਏ ਅਸਲਾ ਜਮ੍ਹਾਂ ਕਰਵਾਉਣ ਦੀ ਮਿਤੀ ਹੁਣ 5 ਅਪਰੈਲ ਨਿਰਧਾਰਿਤ ਕੀਤੀ ਹੈ। ਹੁਣ ਤਕ ਸਿਰਫ 50 ਫੀਸਦ ਤੋਂ ਵੀ ਘੱਟ ਅਸਲਾ ਧਾਰਕਾਂ ਨੇ ਆਪਣੇ ਹਥਿਆਰ ਜਮ੍ਹਾਂ ਕਰਵਾਏ ਹਨ। ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਘਨਸ਼ਿਆਮ ਥੋਰੀ ਨੇ ਕਿਹਾ ਕਿ ਅਸਲਾ ਜਮ੍ਹਾਂ ਨਾ ਕਰਵਾਉਣ ਵਾਲੇ ਅਸਲਾ ਧਾਰਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।