ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 8 ਅਪਰੈਲ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਬਚਨ ਸਿੰਘ ਚੱਬਾ ਤੇ ਗੁਰਦੇਵ ਸਿੰਘ ਵਰਪਾਲ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਕਰੋਨਾ ਮਹਾਮਾਰੀ ਲਈ ਕਿਸਾਨ ਅੰਦੋਲਨ ਨੂੰ ਕਸੂਰਵਾਰ ਦੱਸਿਆ ਹੈ। ਇਸ ਬਿਆਨ ਕਾਰਨ ਰੋਹ ਵਿੱਚ ਆਏ ਕਿਸਾਨਾਂ ਤੇ ਮਜ਼ਦੂਰਾਂ ਨੇ ਪਿੰਡ ਚੱਬਾ ਵਿੱਚ ਅੰਮ੍ਰਿਤਸਰ-ਹਰੀਕੇ ਮੁੱਖ ਮਾਰਗ ’ਤੇ ਆਵਾਜਾਈ ਰੋਕ ਕੇ ਕੇਂਦਰੀ ਮੰਤਰੀ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਤੋਂ ਘਬਰਾ ਕੇ ਕੇਂਦਰੀ ਮੰਤਰੀ ਵੱਲੋਂ ਅਜਿਹਾ ਬਿਆਨ ਦੇਣਾ ਬੇਤੁਕਾ ਤੇ ਹਾਸੋਹੀਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਖੁਦ ਤਾਂ ਸਿਆਸੀ ਰੈਲੀਆਂ ਕਰ ਰਹੀਆਂ ਹਨ ਤੇ ਹੱਕ ਮੰਗਦੇ ਕਿਸਾਨਾਂ ਦੇ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਵਿਉਤਾਂ ਘੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਦੇਸ਼ ਵਿੱਚ ਖੇਤੀ ਤਬਾਹ ਹੋ ਜਾਵੇਗੀ ਤੇ ਅਰਥਵਿਵਸਥਾ ’ਤੇ ਮਾੜਾ ਪ੍ਰਭਾਵ ਪਵੇਗਾ।ਆਗੂਆਂ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਲਾਮਬੰਦ ਕਰਕੇ 18 ਅਪਰੈਲ ਦੀ ਮਹਾ ਰੈਲੀ ਵਿੱਚ ਪਰਿਵਾਰਾਂ ਸਮੇਤ ਪੁੱਜਣ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਪਰਗਟ ਸਿੰਘ, ਅਮਰ ਸਿੰਘ ਵਰਪਾਲ, ਕਿਰਪਾਲ ਸਿੰਘ, ਸਾਧਾ ਸਿੰਘ ਵੰਨਚੜੀ, ਪਿਆਰ ਸਿੰਘ, ਸੀਤਲ ਸਿੰਘ ਪੰਡੋਰੀ, ਹਰੀ ਸਿੰਘ, ਸਰੂਪ ਸਿੰਘ ਚਾਟੀਵਿੰਡ, ਹੀਰਾ ਸਿੰਘ ਯੂ.ਪੀ, ਹਰਕੀਰਤ ਸਿੰਘ, ਗੁਰਮੀਤ ਸਿੰਘ, ਸੁਖਚੈਨ ਸਿੰਘ ਮੰਡਿਆਲਾ, ਕੁਲਦੀਪ ਸਿੰਘ, ਬੂਟਾ ਸਿੰਘ, ਨਿਰਵੈਲ ਸਿੰਘ, ਨਿਸ਼ਾਨ ਸਿੰਘ, ਡਾਕਟਰ ਬਲਵਿੰਦਰ ਸਿੰਘ ਚੱਬਾ ਹਾਜ਼ਰ ਸਨ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਮੋਹਰੀ ਰੋਲ ਅਦਾ ਕਰ ਰਹੇ ਅਦਾਕਾਰਾ ਸੋਨੀਆ ਮਾਨ ਅੱਜ ਹਰਸ਼ਾ ਛੀਨਾ ਪਹੁੰਚੀ ਜਿੱਥੇ ਉਨ੍ਹਾਂ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨਾਲ ਮਿਲ ਕੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਸੋਨੀਆ ਮਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕਿਸਾਨੀ ਨੂੰ ਖਤਮ ਕਰਨ ’ਤੇ ਤੁਲੀ ਹੋਈ ਹੈ। ਇਸੇ ਲਈ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਮਨਸੂਬਿਆਂ ਬਾਰੇ ਦੱਸਣ ਲਈ ਕੁੱਕੜਾਂਵਾਲਾ ਸਟੇਡੀਅਮ ਵਿੱਚ 18 ਅਪਰੈਲ ਨੂੰ ਮਹਾਂਪੰਚਾਇਤ ਕੀਤੀ ਜਾ ਰਹੀ ਹੈ। ਇਸ ਮਹਾਪੰਚਾਇਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ ਤੋਂ ਇਲਾਵਾ ਗਾਇਕ ਬੱਬੂ ਮਾਨ, ਕੰਵਰ ਗਰੇਵਾਲ, ਹਰਫ਼ ਚੀਮਾ ਆਦਿ ਵੀ ਸੰਬੋਧਨ ਕਰਨਗੇ। ਇਸ ਮੌਕੇ ਕਿਸਾਨ ਆਗੂ ਕਸ਼ਮੀਰ ਸਿੰਘ, ਜਸਪਾਲ ਸਿੰਘ, ਪਲਵਿੰਦਰ ਸਿੰਘ ਮਾਹਲ, ਸਰਪੰਚ ਕਰਮਜੀਤ ਸਿੰਘ, ਨਛੱਤਰ ਸਿੰਘ ਬੱਗਾ ਕਲਾਂ, ਮਾਸਟਰ ਲੱਖਾ ਸਿੰਘ ਅਤੇ ਧਰਮਵੀਰ ਸਿੰਘ ਆਦਿ ਹਾਜ਼ਰ ਸਨ।
ਸੰਯੁਕਤ ਕਿਸਾਨ ਮੋਰਚਾ ਮਹਾ ਰੈਲੀ ਲਈ ਬਜ਼ਿੱਦ
ਗੁਰਦਾਸਪੁਰ (ਪੱਤਰ ਪ੍ਰੇਰਕ); ਕਰੋਨਾ ਦੇ ਮੱਦੇਨਜ਼ਰ ਸਰਕਾਰ ਵੱਲੋਂ ਰੈਲੀਆਂ ਨਾ ਕਰਨ ਦੀਆਂ ਲਗਾਈਆਂ ਪਾਬੰਦੀਆਂ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚਾ 12 ਅਪਰੈਲ ਨੂੰ ਗੁਰਦਾਸਪੁਰ ਦੀ ਦਾਣਾ ਮੰਡੀ ’ਚ ਮਹਾ ਰੈਲੀ ਕਰਨ ਲਈ ਬਜ਼ਿੱਦ ਹੈ ਅਤੇ ਐਲਾਨ ਕੀਤਾ ਹੈ ਕਿ ਰੈਲੀ ਹਰ ਹਾਲ ਵਿੱਚ ਹੋਵੇਗੀ। ਇਹ ਐਲਾਨ ਕਿਸਾਨ ਆਗੂਆਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕੀਤਾ। ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਕਰੋਨਾ ਦੀ ਆੜ ਹੇਠ ਹੀ ਮੋਦੀ ਸਰਕਾਰ ਨੇ ਖੋਤੀ ਕਾਨੂੰਨ ਪਾਸ ਕੀਤੇ ਸਨ। ਭਾਵੇਂ ਪੰਜਾਬ ਸਰਕਾਰ ਨੇ ਸਿਆਸੀ ਰੈਲੀਆਂ ਸ਼ਬਦ ਵਰਤਿਆ ਹੈ ਪਰ ਅਸਲ ਵਿੱਚ ਲੋਕਾਂ ਨੂੰ ਘਰਾਂ ਵਿੱਚ ਤਾੜ ਕੇ ਕਿਸਾਨ ਘੋਲ ਨੂੰ ਲੀਹੋਂ ਲਾਉਣ ਦੀ ਚਾਲ ਚਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿਸਾਨ ਰੈਲੀਆਂ ਵਿੱਚ ਭਾਰੀ ਇੱਕਠਾਂ ਤੋਂ ਸਿਆਸੀ ਪਾਰਟੀਆਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਹਰ ਹਾਲ ਵਿੱਚ 12 ਅਪਰੈਲ ਦੀ ਮਹਾ ਰੈਲੀ ਕੀਤੀ ਜਾਵੇਗੀ ਅਤੇ ਕਿਸਾਨ ਗ੍ਰਿਫਤਾਰੀਆਂ ਦੇਣ ਲਈ ਤਿਆਰ ਹਨ। ਇਸੇ ਦੌਰਾਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸੰਯੁਕਤ ਮੋਰਚੇ ਦਾ ਸਥਾਨਕ ਰੇਲਵੇ ਸਟੇਸ਼ਨ ’ਤੇ ਧਰਨਾ ਅਤੇ ਲੜੀਵਾਰ ਭੁੱਖ ਹੜਤਾਲ ਲਗਾਤਾਰ ਜਾਰੀ ਹੈ। ਅੱਜ ਧਰਨੇ ਨੂੰ ਸੰਬੋਧਨ ਕਰਦੇ ਆਗੂਆਂ ਨੇ ਰੈਲੀਆਂ ’ਤੇ ਪਾਬੰਦੀਆਂ ਲਾਉਣ ਦੀ ਨਿਖੇਧੀ ਕੀਤੀ।
ਆੜ੍ਹਤੀਆਂ ਵੱਲੋਂ ਮੰਡੀਆਂ ਬੰਦ ਰੱਖਣ ਦਾ ਫ਼ੈਸਲਾ
ਫਗਵਾੜਾ (ਜਸਬੀਰ ਸਿੰਘ ਚਾਨਾ): ਆੜ੍ਹਤੀ ਐਸੋਸੀਏਸ਼ਨ ਫਗਵਾੜਾ ਦੀ ਮੀਟਿੰਗ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ’ਚ ਮਾਰਕੀਟ ਕਮੇਟੀ ਦਫ਼ਤਰ ’ਚ ਹੋਈ। ਸ੍ਰੀ ਭਾਰਦਵਾਜ ਨੇ ਦੱਸਿਆ ਕਿ ਸਿੱਧੀ ਅਦਾਇਗੀ ਜ਼ਮੀਨ ਮਾਲਕ ਦੇ ਖਾਤੇ ’ਚ ਪਾਉਣ ਤੇ ਹੋਰ ਸ਼ਰਤਾਂ ਸਬੰਧੀ ਕੇਂਦਰ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ 10 ਅਪਰੈਲ ਤੱਕ ਮੰਡੀਆਂ ਬੰਦ ਰੱਖੀਆਂ ਜਾਣਗੀਆਂ। ਆੜ੍ਹਤੀਆਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ 10 ਅਪਰੈਲ ਤੱਕ ਕਣਕ ਦੀ ਵਾਢੀ ਨਾ ਕਰਨ ਤੇ ਉਸ ਤੋਂ ਬਾਅਦ ਜੇ ਕੋਈ ਫ਼ੈਸਲਾ ਹੁੰਦਾ ਤਾਂ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕਿਸੇ ਕਿਸਾਨ ਨੂੰ ਮਜਬੂਰੀ ’ਚ ਫ਼ਸਲ ਦੀ ਵਾਢੀ ਕਰਨੀ ਪੈਂਦੀ ਹੈ ਤਾਂ ਉਸ ਨੂੰ ਫ਼ਿਲਹਾਲ ਮੰਡੀ ’ਚ ਨਾ ਲਿਆਵੇ, ਕਿਉਂਕਿ ਮੰਡੀ ’ਚ ਉਤਰਾਈ ਹੋ ਸਕਦੀ ਹੈ ਪਰ ਕੋਈ ਕੰਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਆਦੇਸ਼ਾਂ ਨੂੰ ਵਾਪਸ ਲੈਣ ਨੂੰ ਤਿਆਰ ਨਹੀਂ ਹੈ। ਇਸ ਮੌਕੇ ਅਭੀ ਸ਼ਰਮਾ, ਸਾਹਿਲ ਅਗਰਵਾਲ, ਪੰਡਿਤ ਰਾਮ ਸਿੰਘ ਜੋਸ਼ੀ, ਜਸਵਿੰਦਰ ਸਿੰਘ ਤੇ ਹੋਰ ਆੜ੍ਹਤੀ ਹਾਜ਼ਰ ਸਨ।