ਟ੍ਰਿਬਿਊਨ ਨਿਉਜ਼ ਸਰਵਿਸ
ਅੰਮ੍ਰਿਤਸਰ, 24 ਅਪਰੈਲ
ਲੁਟੇਰਿਆਂ ਵੱਲੋਂ ਮੋਬਾਈਲ ਖੋਹਣ ਵੇਲੇ ਪੀੜਤ ਲੜਕੀ ਈ-ਰਿਕਸ਼ਾ ਵਿੱਚੋਂ ਡਿੱਗ ਪਈ ਸੀ ਤੇ ਉਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਮੋਬਾਈਲ ਫੋਨ ਅਤੇ ਮੋਟਰਸਾਇਕਲ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਉਰਫ ਬਿੱਲੀ ਅਤੇ ਸੁਰੇਸ਼ ਪਰਾਸ਼ਰ ਉਰਫ ਸੰਨੀ ਦੋਵੇਂ ਵਾਸੀ ਮਿਲਾਪ ਐਵੀਨਿਊ, ਘਨੂੰਪੁਰ ਕਾਲੇ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ 15 ਅਪਰੈਲ ਦੀ ਸ਼ਾਮ ਨੂੰ ਯੂਨੀਵਰਸਿਟੀ ਸਾਹਮਣੇ ਪੁਰਾਣੀ ਚੂੰਗੀ ਨੇੜੇ ਈ-ਰਿਕਸ਼ਾ ’ਤੇ ਸਵਾਰ ਲੜਕੀ ਰਜਨੀ ਕੋਲੋਂ ਮੋਬਾਈਲ ਫੋਨ ਖੋਹਿਆ ਸੀ। ਇਹ ਲੁਟੇਰੇ ਮੋਟਰਸਾਈਕਲ ’ਤੇ ਸਵਾਰ ਸਨ ਤੇ ਮੋਬਾਈਲ ਖੋਹਣ ਮਗਰੋਂ ਫਰਾਰ ਹੋ ਗਏ ਸਨ। ਇਸ ਘਟਨਾ ਦੌਰਾਨ ਰਜਨੀ ਈ-ਰਿਕਸ਼ਾ ਤੋਂ ਹੇਠਾਂ ਸੜਕ ’ਤੇ ਡਿੱਗ ਪਈ ਸੀ ਅਤੇ ਉਸ ਦੇ ਸਿਰ ’ਤੇ ਸੱਟ ਲੱਗੀ ਸੀ। ਬਾਅਦ ਵਿੱਚ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ ਸੀ।
ਅੱਜ ਇਸ ਮਾਮਲੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਘਟਨਾ ਲਈ ਜ਼ਿੰਮੇਵਾਰ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਖੋਹਿਆ ਹੋਇਆ ਮੋਬਾਈਲ ਫੋਨ ਅਤੇ ਘਟਨਾ ਲਈ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਵੱਖ ਵੱਖ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਸ ਦੌਰਾਨ ਸੀਆਈਏ ਸਟਾਫ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਟੀਮ ਨੇ ਖੂਫੀਆ ਸਰੋਤਾਂ ਤੋਂ ਮਿਲੀ ਜਾਣਕਾਰੀ ਅਤੇ ਤਕਨੀਕੀ ਪੱਧਰ ’ਤੇ ਕੰਮ ਕਰਦਿਆਂ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਹੱਤਿਆ ਦੇ ਦੋਸ਼ ਤਹਿਤ ਪਤਨੀ ਤੇ ਸਾਥੀ ਗ੍ਰਿਫ਼ਤਾਰ
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਪੁਲੀਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਹਰਸ਼ਾ ਛੀਨਾ ਉੱਚਾ ਕਿਲ੍ਹਾ ਵਿੱਚ ਬੀਤੇ ਦਿਨੀਂ ਆਪਣੇ ਦੋ ਪ੍ਰੇਮੀਆਂ ਨਾਲ ਰਲ ਕੇ ਪਤੀ ਦਾ ਕਥਿਤ ਤੌਰ ’ਤੇ ਕਤਲ ਕਰਨ ਵਾਲੀ ਔਰਤ ਨੂੰ ਦੋਹਾਂ ਸਾਥੀਆਂ ਸਮੇਤ ਰਾਜਾਸਾਂਸੀ ਪੁਲੀਸ ਨੇ 24 ਘੰਟਿਆਂ ਵਿੱਚ ਕਾਬੂ ਕਰ ਲਿਆ ਹੈ। ਇਸ ਸਬੰਧ ਵਿੱਚ ਪੁਲੀਸ ਥਾਣਾ ਰਾਜਾਸਾਂਸੀ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਐੱਸਪੀ (ਅਪਰੇਸ਼ਨਜ਼) ਸ਼ੇਲਿੰਦਰ ਸਿੰਘ ਨੇ ਦੱਸਿਆ ਕਿ ਬੀਤੀ 19 ਅਪਰੈਲ ਦੀ ਰਾਤ ਨੂੰ ਹਰਦੇਵ ਸਿੰਘ ਉਰਫ ਮੱਸੂ ਦਾ ਉਸ ਦੀ ਪਤਨੀ ਸ਼ਰਨਜੀਤ ਕੌਰ ਨੇ ਆਪਣੇ ਦੋ ਸਾਥੀਆਂ ਹਰਦੇਵ ਸਿੰਘ ਉਰਫ ਦੇਬਾ ਅਤੇ ਹਰਪ੍ਰੀਤ ਸਿੰਘ ਹੈਪੀ ਵਾਸੀਅਨ ਖਿਆਲਾ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਹਰਦੇਵ ਸਿੰਘ ਦੇ ਪਿਤਾ ਅਜੀਤ ਸਿੰਘ ਦੇ ਬਿਆਨਾਂ ’ਤੇ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਅੱਜ ਮੁੱਖ ਅਫਸਰ ਥਾਣਾ ਰਾਜਾਸਾਂਸੀ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਏਐੱਸਆਈ ਦਿਲਬਾਗ ਸਿੰਘ ਇੰਚਾਰਜ ਚੌਕੀ ਕੁੱਕੜਾਵਾਲਾ ਨੇ ਮੁਲਜ਼ਮਾਂ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ।