ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਮਾਰਚ
ਸਥਾਨਕ ਕੇਂਦਰੀ ਜੇਲ੍ਹ ਵਿਚ ਪੁਰਾਣੀ ਦੁਸ਼ਮਣੀ ਤਹਿਤ ਇਕ ਕੈਦੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਪੁਲੀਸ ਨੇ ਦੋ ਕੈਦੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਖ਼ਿਲਾਫ਼ ਥਾਣਾ ਇਸਲਾਮਾਬਾਦ ਵਿਚ ਜੇਲ੍ਹ ਨਿਯਮਾਂ ਨੂੰ ਭੰਗ ਕਰਨ ਦੇ ਦੋਸ਼ ਹੇਠ ਪ੍ਰੀਜਨ ਐਕਟ ਦੀ ਧਾਰਾ 52 ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਕੈਦੀ ਸੁਖਵਿੰਦਰ ਸਿੰਘ ਉਰਫ ਗੁਡ ਅਤੇ ਬਲਜੀਤ ਸਿੰਘ ਉਰਫ ਗੁਲੀ ਨੂੰ ਨਾਮਜ਼ਦ ਕੀਤਾ ਗਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਰਵੇਲ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਜੇਲ੍ਹ ਦੇ ਕੈਂਪਸ ਵਿਚ ਹੀ ਕੈਦੀ ਜੁਗਰਾਜ ਸਿੰਘ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਹਮਲਾ ਪੁਰਾਣੀ ਦੁਸ਼ਮਣੀ ਤਹਿਤ ਕੀਤਾ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।