ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹਾ ਦਿਹਾਤੀ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 490 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਸ਼ਰਨਜੀਤ ਸਿੰਘ ਵਾਸੀ ਪਿੰਡ ਬੋਪਾਰਾਏ ਕਲਾਂ ਵਜੋਂ ਹੋਈ ਹੈ। ਪੁਲੀਸ ਵਿਭਾਗ ਵਲੋਂ ਇਸ ਸਬੰਧੀ ਜਾਰੀ ਕੀਤੇ ਇਕ ਬਿਆਨ ਵਿਚ ਦਸਿਆ ਗਿਆ ਕਿ ਇਹ ਵਿਅਕਤੀ ਖਾਸਾ ਵਿੱਚ ਫੋਟੋਗਰਾਫਰ ਵਜੋਂ ਕੰਮ ਕਰਦਾ ਹੈ ਅਤੇ ਇਸ ਦੇ ਨਾਲ ਹੀ ਨਸ਼ਿਆਂ ਦਾ ਕਾਰੋਬਾਰ ਵੀ ਕਰਦਾ ਹੈ। ਇਸ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਨੂੰ ਨਾਕੇ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲੀਸ ਨੇ ਉਸ ਕੋਲੋਂ ਤਲਾਸ਼ੀ ਦੌਰਾਨ ਇਹ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਉਸ ਖਿਲਾਫ ਐੱਨਡੀਪੀਐੱਸ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ।
ਧਾਰੀਵਾਲ (ਪੱਤਰ ਪ੍ਰੇਰਕ): ਥਾਣਾ ਧਾਰੀਵਾਲ ਦੀ ਪੁਲੀਸ ਨੇ 20 ਗ੍ਰਾਮ ਹੈਰੋਇਨ ਸਣੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਧਾਰੀਵਾਲ ਦੇ ਮੁੱਖੀ ਅਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਗ਼ੈਰਸਮਾਜੀ ਅਨਸਰਾਂ ਦੀ ਭਾਲ ਵਿੱਚ ਏਐੱਸਆਈ ਜਗਦੀਸ਼ ਸਿੰਘ ਅਤੇ ਏਐਸਆਈ ਬਲਬੀਰ ਸਿੰਘ ਨੇ ਸਮੇਤ ਪੁਲੀਸ ਪਾਰਟੀ ਗਸ਼ਤ ਦੌਰਾਨ ਕਲਿਆਣਪੁਰ ਮੋੜ ਤੋਂ ਸ਼ੱਕ ਦੇ ਆਧਾਰ ’ਤੇ ਇਕ ਕਾਰ ਨੰਬਰੀ ਐੱਚਪੀ-33-ਬੀ-2511 ਮਾਰਕਾ ਵਰਨਾ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਗੱਡੀ ਦੇ ਡੈਸ਼ ਬੋਰਡ ਵਿੱਚੋਂ ਮਿਲੇ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਨੇ ਆਪਣੀ ਪਛਾਣ ਰਮਨਦੀਪ ਸਿੰਘ ਉਰਫ ਭਲਵਾਨ ਵਾਸੀ ਤਾਜਪੁਰ ਅਕਾਲਗੜ੍ਹ ਥਾਣਾ ਡਵੀਜਨ ਨੰਬਰ 2 ਪਠਾਨਕੋਟ ਵਜੋਂ ਦੱਸੀ। ਪੁਲੀਸ ਨੇ ਰਮਨਦੀਪ ਸਿੰਘ ਨੂੰ ਹੈਰੋਇਨ ਸਣੇ ਗ੍ਰਿਫਤਾਰ ਕਰਕੇ ਉਸ ਵਿਰੁੱਧ ਐੱਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।